- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ’ਚ 3.40 ਲੱਖ ਰੁਪਏ ਜੁਰਮਾਨਾ, 61 ਐਫ਼ਆਈਆਰ ਦਰਜ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹੇ ’ਚ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਜਿੱਥੇ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਢੁਕਵੀਂ ਮਸ਼ੀਨਰੀ ਮੁਹਈਆ ਕਰਾਈ ਜਾ ਰਹੀ ਹੈ, ਉੱਥੇ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੱਲ੍ਹ ਤੱਕ ਪਰਾਲੀ ਨੂੰ ਅੱਗ ਲਾਉਣ ਦੇ ਸੈਟੇਲਾਈਟ ਰਾਹੀਂ ਆਏ ਮਾਮਲਿਆਂ ’ਚ ਫੀਲਡ ਟੀਮਾਂ ਵਲੋਂ ਵੈਰੀਫਿਕੇਸ਼ਨ/ ਵਿਜ਼ਟ ਤੋਂ ਬਾਅਦ 66 ਅਜਿਹੇ ਸਪੌਟ ਸ਼ਨਾਖ਼ਤ ਕੀਤੇ ਗਏ, ਜਿੱਥੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ, ਜਿਨ੍ਹਾਂ ’ਚ 61 ਮਾਮਲਿਆਂ ’ਚ ਐਫਆਈਆਰ ਦਰਜ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ 3,40,000 ਰੁਪਏ ਜੁਰਮਾਨਾ ( ਵਾਤਾਵਰਨ ਮੁਆਵਜ਼ਾ) ਕੀਤਾ ਜਾ ਚੁੱਕਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੀਲਡ ਟੀਮਾਂ ਲਗਾਤਾਰ ਖੇਤਾਂ ’ਚ ਤਾਇਨਾਤ ਹਨ ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਣ ’ਤੇ ਤੁਰੰਤ ਅੱਗ ਬੁਝਾਈ ਜਾਂਦੀ ਹੈ ਤੇ ਕੇਂਦਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਬਲਕਿ ਖੇਤੀਬਾੜੀ ਵਿਭਾਗ/ ਸਹਿਕਾਰੀ ਸੋਸਾਇਟੀ/ ਨੋਡਲ ਅਫ਼ਸਰਾਂ ਨਾਲ ਤਾਲਮੇਲ ਰੱਖਦੇ ਹੋਏ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ।