ਦੀਵਾਲੀ ਨੂੰ ਲੈ ਕੇ ਬਰਨਾਲਾ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਰੰਗ-ਬਿਰੰਗੀਆਂ ਲੜੀਆਂ ਤੇ ਸਜਾਵਟੀ ਫੁੱਲਾਂ ਨਾਲ ਸਜੇ ਬਾਜ਼ਾਰ ਦੀਵਾਲੀ ਨੂੰ ਲੈ ਕੇ ਬਰਨਾਲਾ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਰੰਗ-ਬਿਰੰਗੀਆਂ ਲੜੀਆਂ ਤੇ ਸਜਾਵਟੀ ਫੁੱਲਾਂ ਨਾਲ ਸਜੇ ਬਾਜ਼ਾਰ
Publish Date: Sat, 07 Nov 2026 04:59 PM (IST)
Updated Date: Sat, 07 Nov 2026 04:59 PM (IST)
ਪੰਜਾਬੀ ਜਾਗਰਣ ਟੀਮ, ਬਰਨਾਲਾ : ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ’ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਰੰਗ-ਬਿਰੰਗੀਆਂ ਬਿਜਲੀ ਦੀਆਂ ਲੜੀਆਂ, ਸਜਾਵਟੀ ਫੁੱਲਾਂ, ਝਾਲਰਾਂ ਤੇ ਹੋਰ ਆਕਰਸ਼ਕ ਸਮਾਨ ਨਾਲ ਸਜਾਇਆ ਗਿਆ ਹੈ। ਬਾਜ਼ਾਰਾਂ ’ਚ ਖਰੀਦਦਾਰੀ ਕਰਨ ਲਈ ਲੋਕਾਂ ਦੀ ਆਮਦ ਲਗਾਤਾਰ ਵਧ ਰਹੀ ਹੈ ਅਤੇ ਸ਼ਹਿਰ ’ਚ ਤਿਉਹਾਰੀ ਮਾਹੌਲ ਬਣਿਆ ਹੋਇਆ ਹੈ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵੱਖ-ਵੱਖ ਡਿਜ਼ਾਈਨਾਂ ਤੇ ਰੰਗਾਂ ਵਾਲਾ ਸਜਾਵਟੀ ਸਮਾਨ ਦੁਕਾਨਾਂ ’ਚ ਸਜਾਇਆ ਗਿਆ ਹੈ। ਬਾਜ਼ਾਰਾਂ ’ਚ ਰੰਗ-ਬਿਰੰਗੀਆਂ ਲੜੀਆਂ, ਬਿਜਲੀ ਦੀਆਂ ਝਾਲਰਾਂ, ਸਜਾਵਟੀ ਫੁੱਲਾਂ ਦੀਆਂ ਮਾਲਾਵਾਂ, ਤੋਰਣ, ਮਿੱਟੀ ਦੇ ਦੀਵੇ, ਮੋਮਬੱਤੀਆਂ, ਰੰਗੋਲੀ ਦੇ ਰੰਗ ਅਤੇ ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸ਼ਾਮ ਸਮੇਂ ਬਿਜਲੀ ਦੀਆਂ ਲੜੀਆਂ ਜਗਮਗਾਉਣ ਨਾਲ ਬਾਜ਼ਾਰਾਂ ਦੀ ਸੁੰਦਰਤਾ ਹੋਰ ਵੀ ਵਧ ਜਾਂਦੀ ਹੈ। ਉੱਧਰ ਮਠਿਆਈਆਂ ਦੀਆਂ ਦੁਕਾਨਾਂ ’ਤੇ ਵੀ ਦੀਵਾਲੀ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਮਠਿਆਈ ਵਿਕਰੇਤਾਵਾਂ ਵੱਲੋਂ ਗਾਹਕਾਂ ਦੀ ਪਸੰਦ ਨੂੰ ਧਿਆਨ ’ਚ ਰੱਖਦਿਆਂ ਲੱਡੂ, ਬਰਫ਼ੀ, ਗੁਲਾਬ ਜਾਮਣ, ਰਸਗੁੱਲੇ, ਕਾਜੂ ਕਤਲੀ, ਮਿਲਕ ਕੇਕ ਸਮੇਤ ਕਈ ਤਰ੍ਹਾਂ ਦੀਆਂ ਮਠਿਆਈਆਂ ਅਤੇ ਸਵਾਦਿਸ਼ਟ ਪਕਵਾਨ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਨਮਕੀਨ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਵੀ ਕਾਫ਼ੀ ਮੰਗ ਦੇਖਣ ਨੂੰ ਮਿਲ ਰਹੀ ਹੈ। ਲੋਕ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਸਜਾਉਣ ਦੇ ਨਾਲ-ਨਾਲ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਤੋਹਫ਼ੇ ਦੇਣ ਲਈ ਵੀ ਖਰੀਦਦਾਰੀ ਕਰ ਰਹੇ ਹਨ। ਕਈ ਪਰਿਵਾਰ ਬੱਚਿਆਂ ਸਮੇਤ ਬਾਜ਼ਾਰਾਂ ’ਚ ਪਹੁੰਚ ਕੇ ਤਿਉਹਾਰ ਦੀਆਂ ਤਿਆਰੀਆਂ ’ਚ ਜੁਟੇ ਹੋਏ ਹਨ। ਦੁਕਾਨਦਾਰਾਂ ਨੂੰ ਉਮੀਦ ਹੈ ਕਿ ਦੀਵਾਲੀ ਦੇ ਮੌਕੇ ਖਰੀਦਦਾਰੀ ’ਚ ਹੋਰ ਵਾਧਾ ਹੋਵੇਗਾ ਅਤੇ ਉਨ੍ਹਾਂ ਦਾ ਕਾਰੋਬਾਰ ਚੰਗਾ ਰਹੇਗਾ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਦੀਵਾਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਨ ਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਰਨਾਲਾ ਜ਼ਿਲ੍ਹਾ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਬਾਜ਼ਾਰਾਂ, ਚੌਕਾਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਪੁਲਿਸ ਦੀ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਵੱਲੋਂ ਗਸ਼ਤ ਤੇਜ਼ ਕਰਨ ਦੇ ਨਾਲ-ਨਾਲ ਵੱਖ-ਵੱਖ ਥਾਵਾਂ ’ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਬਾਜ਼ਾਰਾਂ ’ਚ ਵਧ ਰਹੀ ਭੀੜ ਨੂੰ ਦੇਖਦਿਆਂ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਈ ਰੱਖਣ ਲਈ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਤਾਂ ਜੋ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਆਵਾਜਾਈ ਅਤੇ ਪਾਰਕਿੰਗ ਸਬੰਧੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰੇ, ਪਿਆਰ ਅਤੇ ਸਦਭਾਵਨਾ ਨਾਲ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਤਰਜੀਹ ਹੈ ਅਤੇ ਤਿਉਹਾਰ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।