- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਪ੍ਰਬੰਧਨ ਲੱਕੀ ਡਰਾਅ ਤਹਿਤ 1 ਲੱਖ ਦੇ ਇਨਾਮਾਂ ਲਈ 25 ਕਿਸਾਨਾਂ ਦੀ ਚੋਣ

:: ਪਹਿਲਾ ਇਨਾਮ ਪਿੰਡ ਝਲੂਰ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਜਿੱਤਿਆ
:: ਕਿਸਾਨ ਸੁਖਵਿੰਦਰ ਸਿੰਘ ਪਰਾਲੀ ਦੀਆਂ ਗੱਠਾਂ ਤੇ ਮਲਚਿੰਗ ਨਾਲ ਵਾਤਾਵਰਣ ਸੰਭਾਲ ’ਚ ਪਾ ਰਹੇ ਹਨ ਯੋਗਦਾਨ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਪਰਾਲੀ ਪ੍ਰਬੰਧਨ ਮੁਹਿੰਮ-2026 ਤਹਿਤ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਉਤਸ਼ਾਹਿਤ ਕਰਨ ਲਈ ਵਿੱਢੀ ਲੱਕੀ ਡਰਾਅ ਮੁਹਿੰਮ ਤਹਿਤ ਅੱਜ ਲੱਕੀ ਡਰਾਅ ਕੱਢੇ ਗਏ ਜਿਸ ’ਚ 25 ਅਗਾਹਵਧੂ ਕਿਸਾਨਾਂ ਦੀ ਚੋਣ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਮਲੈਕਸ ਦੇ ਮੀਟਿੰਗ ਹਾਲ ’ਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਪਰਾਲੀ ਪ੍ਰਬੰਧਨ ਤਹਿਤ ਵੱਖ-ਵੱਖ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਦੀ ਮੌਜੂਦਗੀ ’ਚ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਰਾਹੀਂ ਕੁੱਲ 25 ਕਿਸਾਨਾਂ ਦੀ ਇਨਾਮਾਂ ਲਈ ਚੋਣ ਕੀਤੀ ਗਈ। ਇਸ ਡਰਾਅ ’ਚ ਪਿੰਡ ਝਲੂਰ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ 20,000 ਰੁਪਏ ਦਾ ਇਨਾਮ ਜਿੱਤਿਆ। ਪਿੰਡ ਬੀਹਲਾ ਦੇ ਕਿਸਾਨ ਜਸਵਿੰਦਰ ਸਿੰਘ ਜੌਹਲ ਨੇ ਦੂਜਾ ਸਥਾਨ ਹਾਸਲ ਕਰਕੇ 15,000 ਰੁਪਏ ਅਤੇ ਪਿੰਡ ਹੰਡਿਆਇਆ ਦੇ ਕਿਸਾਨ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ 10,000 ਰੁਪਏ ਦਾ ਇਨਾਮ ਜਿੱਤਿਆ। ਜੇਤੂ ਕਿਸਾਨਾਂ ਦੇ ਖੇਤੀਬਾੜੀ ਅਭਿਆਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਹਿਲਾ ਇਨਾਮ ਜਿੱਤਣ ਵਾਲੇ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਪਰਾਲੀ ਦੀਆਂ ਗੱਠਾਂ ਬਣਵਾਉਣ ਉਪਰੰਤ ਮਲਚਿੰਗ ਵਿਧੀ ਰਾਹੀਂ ਆਲੂਆਂ ਦੀ ਬਿਜਾਈ ਕੀਤੀ ਗਈ ਹੈ। ਦੂਜਾ ਇਨਾਮ ਜਿੱਤਣ ਵਾਲੇ ਜਸਵਿੰਦਰ ਸਿੰਘ ਜੌਹਲ ਵੱਲੋਂ ਮਲਚਿੰਗ ਵਿਧੀ ਨਾਲ ਆਲੂਆਂ ਦੀ ਬਿਜਾਈ ਕਰਨ ਦੇ ਨਾਲ-ਨਾਲ ਸੁਪਰ ਸੀਡਰ ਰਾਹੀਂ ਕਣਕ ਦੀ ਬਿਜਾਈ ਵੀ ਕੀਤੀ ਗਈ ਹੈ। ਇਸੇ ਤਰ੍ਹਾਂ ਤੀਜਾ ਇਨਾਮ ਜਿੱਤਣ ਵਾਲੇ ਮਨਪ੍ਰੀਤ ਸਿੰਘ ਵੱਲੋਂ ਪਰਾਲੀ ਦੀਆਂ ਗੱਠਾਂ ਬਣਵਾਉਣ ਉਪਰੰਤ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਕੀ 22 ਚੁਣੇ ਗਏ ਕਿਸਾਨਾਂ ਨੂੰ 2,500-2,500 ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤਰ੍ਹਾਂ ਪਹਿਲੇ ਲੱਕੀ ਡਰਾਅ ਰਾਹੀਂ ਕੁੱਲ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।