- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਾਲੀ ਦਾ ਤਿਉਹਾਰ ਸਾਡੇ ਜੀਵਨ ’ਚ ਖੁਸ਼ੀਆਂ, ਰੌਸ਼ਨੀ, ਆਪਸੀ ਪਿਆਰ ਤੇ ਭਾਈਚਾਰਕ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਰੋਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦੇ ਸ਼ੁਭ ਅਵਸਰ ’ਤੇ ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੇ ਸਮੂਹ ਦੇਸ਼ ਵਾਸੀਆਂ, ਪੰਜਾਬ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਅਤੇ ਖੁਸ਼ੀਆਂ ਮਨਾਉਣ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਹਨੇਰੇ ਉੱਤੇ ਚਾਨਣ, ਬੁਰਾਈ ਉੱਤੇ ਨੇਕੀ ਅਤੇ ਨਿਰਾਸ਼ਾ ਉੱਤੇ ਆਸ ਦੀ ਜਿੱਤ ਦਾ ਪ੍ਰਤੀਕ ਵੀ ਹੈ।
ਡਾ. ਰਾਜਿੰਦਰ ਗੁਪਤਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਸਾਨੂੰ ਆਪਸੀ ਪਿਆਰ, ਸਦਭਾਵਨਾ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਇਹ ਤਿਉਹਾਰ ਸਾਨੂੰ ਆਪਣੇ ਜੀਵਨ ਵਿੱਚੋਂ ਨਕਾਰਾਤਮਕ ਸੋਚ, ਵੈਰ-ਵਿਰੋਧ ਅਤੇ ਨਫ਼ਰਤ ਦੇ ਹਨੇਰੇ ਨੂੰ ਦੂਰ ਕਰਕੇ ਪਿਆਰ, ਸੇਵਾ ਅਤੇ ਮਨੁੱਖਤਾ ਦੀ ਰੌਸ਼ਨੀ ਫੈਲਾਉਣ ਲਈ ਪ੍ਰੇਰਿਤ ਕਰਦਾ ਹੈ।
ਟਰਾਈਡੈਂਟ ਗਰੁੱਪ ਦੀਆਂ ਪ੍ਰਾਪਤੀਆਂ ਅਤੇ ਸਮਾਜਿਕ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਉਦਯੋਗਿਕ ਸੰਸਥਾ ਦੀ ਅਸਲ ਸਫਲਤਾ ਸਿਰਫ਼ ਕਾਰੋਬਾਰ ਦੇ ਵਿਸਥਾਰ ’ਚ ਨਹੀਂ, ਸਗੋਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸਮਾਜ ਦੀ ਤਰੱਕੀ ’ਚ ਯੋਗਦਾਨ ਪਾਉਣ ’ਚ ਹੁੰਦੀ ਹੈ। ਟਰਾਈਡੈਂਟ ਗਰੁੱਪ ਨੇ ਇਸ ਸੋਚ ਨੂੰ ਆਪਣੀ ਕਾਰਜਸ਼ੈਲੀ ਦਾ ਅਹਿਮ ਹਿੱਸਾ ਬਣਾਉਂਦਿਆਂ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਵਿਸ਼ੇਸ਼ ਪਛਾਣ ਦਿਵਾਉਣ ਦੇ ਨਾਲ-ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਅਤੇ ਰੁਜ਼ਗਾਰ ਨਾਲ ਜੁੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਦਾ ਉਦੇਸ਼ ਸਿਰਫ਼ ਉੱਚ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਨਾ ਹੀ ਨਹੀਂ, ਸਗੋਂ ਉਦਯੋਗਿਕ ਵਿਕਾਸ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਉਣਾ ਹੈ। ਸੰਸਥਾ ਵੱਲੋਂ ਉਦਯੋਗ, ਰੁਜ਼ਗਾਰ, ਸਿੱਖਿਆ, ਵਾਤਾਵਰਨ ਅਤੇ ਸਮਾਜ ਸੇਵਾ ਦੇ ਖੇਤਰਾਂ ’ਚ ਕੀਤੇ ਜਾ ਰਹੇ ਉਪਰਾਲੇ ਇਸ ਗੱਲ ਦਾ ਪ੍ਰਮਾਣ ਹਨ ਕਿ ਜੇਕਰ ਉਦਯੋਗਿਕ ਤਰੱਕੀ ਦੇ ਨਾਲ ਮਨੁੱਖਤਾ ਅਤੇ ਸਮਾਜ ਭਲਾਈ ਦੀ ਭਾਵਨਾ ਜੁੜੀ ਹੋਵੇ ਤਾਂ ਵਿਕਾਸ ਦੇ ਨਵੇਂ ਰਾਹ ਖੁੱਲ੍ਹਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਤਿਉਹਾਰਾਂ ਅਤੇ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਤੇ ਰਵਾਇਤਾਂ ਦੀ ਧਰਤੀ ਹੈ, ਜਿੱਥੇ ਹਰ ਤਿਉਹਾਰ ਲੋਕਾਂ ਨੂੰ ਆਪਸ ਵਿੱਚ ਜੋੜਨ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਦੀਵਾਲੀ ਦਾ ਤਿਉਹਾਰ ਵੀ ਸਾਨੂੰ ਇਹੀ ਸਿੱਖਿਆ ਦਿੰਦਾ ਹੈ ਕਿ ਖੁਸ਼ੀਆਂ ਸਾਂਝੀਆਂ ਕਰਨ ਨਾਲ ਹੋਰ ਵਧਦੀਆਂ ਹਨ ਅਤੇ ਸਮਾਜ ਦੀ ਅਸਲ ਤਰੱਕੀ ਉਦੋਂ ਹੀ ਸੰਭਵ ਹੈ, ਜਦੋਂ ਹਰ ਵਰਗ ਦੇ ਚਿਹਰੇ ’ਤੇ ਖੁਸ਼ਹਾਲੀ ਅਤੇ ਮੁਸਕਰਾਹਟ ਹੋਵੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਤਿਉਹਾਰ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਵਾਤਾਵਰਨ ਦੀ ਸੰਭਾਲ ਦੇ ਸੰਦੇਸ਼ ਨਾਲ ਮਨਾਇਆ ਜਾਵੇ। ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ ਅਤੇ ਲੋੜਵੰਦ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਤਿਉਹਾਰ ਦੀ ਅਸਲ ਭਾਵਨਾ ਨੂੰ ਸਾਕਾਰ ਕੀਤਾ ਜਾਵੇ।
ਅੰਤ ਵਿੱਚ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੇ ਕਾਮਨਾ ਕੀਤੀ ਕਿ ਦੀਵਾਲੀ ਦਾ ਇਹ ਪਾਵਨ ਤਿਉਹਾਰ ਹਰ ਘਰ ਵਿੱਚ ਸੁੱਖ, ਸ਼ਾਂਤੀ, ਸਿਹਤ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ ਅਤੇ ਦੇਸ਼ ਦਾ ਹਰ ਨਾਗਰਿਕ ਆਪਸੀ ਏਕਤਾ ਤੇ ਭਾਈਚਾਰਕ ਸਾਂਝ ਨਾਲ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵੇ।