- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਪ੍ਰਬੰਧਨ: ਅੱਗ ਲਾਉਣ ਦੇ ਮਾਮਲੇ ’ਚ 11 ਐਫ਼ਆਈਆਰਜ਼ ਤੇ ਰੈੱਡ ਐਂਟਰੀਆਂ, 55 ਹਜ਼ਾਰ ਰੁਪਏ ਜੁਰਮਾਨਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹੇ ’ਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਥਾਮ ਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਇਸੇ ਤਹਿਤ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਓਥੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ’ਚ 11 ਕਿਸਾਨਾਂ ਵਿਰੁੱਧ ਐਫ਼ਆਈਆਰ ਦਰਜ ਹੋ ਚੁੱਕੀ ਹੈ ਜਿਨ੍ਹਾਂ ਦੇ ਮਾਲ ਰਿਕਾਰਡ ’ਚ ਰੈੱਡ ਐਂਟਰੀ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ 11 ਵਿਰੁੱਧ ਚਲਾਨ ਕਰਕੇ ਹੁਣ ਤੱਕ 55 ਹਜ਼ਾਰ ਰੁਪਏ ਜੁਰਮਾਨਾ (ਵਾਤਾਵਰਨ ਮੁਆਵਜ਼ਾ) ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਰਾਲੀ ਨੂੰ ਲੱਗ ਲਗਾਏ ਜਾਣ ਦੇ 34 ਮਾਮਲੇ ਸੈਟੇਲਾਈਟ ਰਾਹੀਂ ਆਏ ਸਨ ਜਿਨ੍ਹਾਂ ’ਚੋਂ 14 ਪਟਵਾਰੀ ਦੀ ਰਿਪੋਰਟ ਅਨੁਸਾਰ ਨੋ ਬਰਨਿੰਗ ’ਚ ਆਉਂਦੇ ਹਨ ਅਤੇ ਬਾਕੀਆਂ ਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ ਪਰਾਲੀ ਪ੍ਰਬੰਧਨ ਲਈ 5300 ਦੇ ਕਰੀਬ ਮਸ਼ੀਨਾਂ ਉਪਲੱਭਧ ਹਨ। ਇਸ ਵਾਰ 42.25 ਫੀਸਦੀ ਦੇ ਕਰੀਬ ਇਨ ਸਿਟੂ ਤੇ 57.75 ਫੀਸਦੀ ਐਕਸ ਸਿਟੂ ਪਰਾਲੀ ਪ੍ਰਬੰਧਨ ਦਾ ਪਲਾਨ ਉਲੀਕਿਆ ਗਿਆ ਹੈ। ਪਰਾਲੀ ਪ੍ਰੋਟੈਕਸ਼ਨ ਫੋਰਸ ਤਹਿਤ 52 ਓਵਰਆਲ ਇੰਚਾਰਜ, 14 ਕਲੱਸਟਰ ਅਫ਼ਸਰ, 26 ਸਹਾਇਕ ਕਲੱਸਟਰ ਅਫ਼ਸਰ ਤੇ 245 ਨੋਡਲ ਅਫ਼ਸਰ ਜ਼ਿਲ੍ਹੇ ਦੇ ਪਿੰਡਾਂ ’ਚ ਤਾਇਨਾਤ ਕੀਤੇ ਹੋਏ ਹਨ ਜੋਕਿ ਲਗਾਤਾਰ ਫੀਲਡ ’ਚ ਡਟੇ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ।
ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪਰਾਲੀ ਨੂੰ ਅੱਗ ਲਗਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।