ਪਰਾਲੀ ਤੋਂ ਪੈਲੇਟਸ ਤਿਆਰ ਕਰ ਰਿਹਾ ਖੁੱਡੀ ਕਲਾਂ ਵਾਸੀ ਬੂਟਾ ਸਿੰਘ ਪਰਾਲੀ ਤੋਂ ਪੈਲੇਟਸ ਤਿਆਰ ਕਰਕੇ ਵਾਤਾਵਰਨ ਸੰਭਾਲ ’ਚ ਯੋਗਦਾਨ ਪਾ ਰਿਹਾ ਹੈ ਖੁੱਡੀ ਕਲਾਂ ਵਾਸੀ ਬੂਟਾ ਸਿੰਘ
Publish Date: Mon, 02 Nov 2026 05:18 PM (IST)
Updated Date: Mon, 02 Nov 2026 05:20 PM (IST)
:: ਪੱਖੋਂ ਕਲਾਂ ਚ ਸਥਾਪਤ ਪੈਲੇਟ ਯੂਨਿਟ ਰਾਹੀਂ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਮਿਲ ਰਿਹਾ ਹੁਲਾਰਾ:: ਐੱਸਡੀਐਮ ਤਪਾ ਆਯੂਸ਼ ਗੋਇਲ ਵਲੋਂ ਪੈਲੇਟ ਯੂਨਿਟ ਦਾ ਦੌਰਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੀ ਅਗਵਾਈ ਪਰਾਲੀ ਪ੍ਰਬੰਧਨ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਐੱਸਡੀਐਮ ਤਪਾ ਆਯੂਸ਼ ਗੋਇਲ ਆਈਏਐੱਸ ਵਲੋਂ ਪੱਖੋਂ ਕਲਾਂ ’ਚ ਪੈਲੇਟ ਯੂਨਿਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਖੁੱਡੀ ਕਲਾਂ ਦੇ ਕਿਸਾਨ ਬੂਟਾ ਸਿੰਘ ਵੱਲੋਂ ਆਪਣੇ ਚਚੇਰੇ ਭਰਾ ਪਰਵਿੰਦਰ ਸਿੰਘ ਨਾਲ ਮਿਲ ਕੇ ਪਿੰਡ ਪੱਖੋਂ ਕਲਾਂ ਵਿਖੇ ਚਲਾਇਆ ਜਾ ਰਿਹਾ ਪੈਲੇਟ ਯੂਨਿਟ ਪਰਾਲੀ ਪ੍ਰਬੰਧਨ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ। ਇਸ ਯੂਨਿਟ ’ਚ ਝੋਨੇ ਦੀ ਪਰਾਲੀ ਤੋਂ ਪੈਲੇਟਸ (ਟਿੱਕੀਆਂ) ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸਪਲਾਈ ਵੱਖ-ਵੱਖ ਪਾਵਰ ਪਲਾਂਟਾਂ ਤੇ ਹੋਰ ਸਬੰਧਤ ਥਾਵਾਂ ’ਤੇ ਕੀਤੀ ਜਾਂਦੀ ਹੈ। ਉਨ੍ਹਾਂ ਨੇ ਯੂਨਿਟ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਪਰਾਲੀ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਕਾਰੋਬਾਰ ਸਥਾਪਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਯੂਨਿਟ ਦੇ ਮਾਲਕ ਬੂਟਾ ਸਿੰਘ (39 ਸਾਲ) ਵਾਸੀ ਖੁੱਡੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਾਰੋਬਾਰ ਦੀ ਸ਼ੁਰੂਆਤ ਪਿਛਲੇ ਸਾਲ ਆਪਣੇ ਚਚੇਰੇ ਭਰਾ ਪਰਵਿੰਦਰ ਸਿੰਘ ਨਾਲ ਮਿਲ ਕੇ ਕੀਤੀ ਸੀ। ਇਸ ਉਦੇਸ਼ ਲਈ ਉਨ੍ਹਾਂ ਨੇ 22 ਏਕੜ ਜ਼ਮੀਨ ਲੀਜ਼ ’ਤੇ ਲੈ ਕੇ ਪੈਲੇਟ ਯੂਨਿਟ ਸਥਾਪਤ ਕੀਤਾ, ਜਿਸ ’ਚੋਂ 12 ਏਕੜ ਜ਼ਮੀਨ ਪੰਚਾਇਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰੋਬਾਰ ਸ਼ੁਰੂ ਕਰਨ ਪਿੱਛੇ ਉਨ੍ਹਾਂ ਦਾ ਮੁੱਖ ਉਦੇਸ਼ ਪਰਾਲੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਤੇ ਇਸ ਰਾਹੀਂ ਆਮਦਨ ਦਾ ਇੱਕ ਟਿਕਾਊ ਸਾਧਨ ਵਿਕਸਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ’ਚ ਅੱਗ ਲਗਾਉਣ ਦੀ ਬਜਾਏ ਇਸ ਤੋਂ ਪੈਲੇਟਸ ਤਿਆਰ ਕਰਨਾ ਵਾਤਾਵਰਨ ਦੀ ਸੰਭਾਲ ਵੱਲ ਇੱਕ ਅਹਿਮ ਕਦਮ ਹੈ। ਇਸ ਨਾਲ ਜਿੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਸੰਭਵ ਹੁੰਦੀ ਹੈ, ਉੱਥੇ ਹੀ ਇਸ ਨੂੰ ਇੱਕ ਲਾਭਦਾਇਕ ਉਤਪਾਦ ’ਚ ਬਦਲਿਆ ਜਾ ਸਕਦਾ ਹੈ। ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੈਲੇਟ ਯੂਨਿਟ ’ਚ ਬੇਲਰ ਮਾਲਕਾਂ ਰਾਹੀਂ ਇਕੱਠੀ ਕੀਤੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਅਨੁਸਾਰ, ਇਸ ਯੂਨਿਟ ਲਈ ਹਰ ਸਾਲ ਕਰੀਬ ਢਾਈ ਲੱਖ ਕੁਇੰਟਲ ਪਰਾਲੀ ਖਰੀਦਦੇ ਹਨ। ਉਨ੍ਹਾਂ ਦੱਸਿਆ ਕਿ ਤਿਆਰ ਕੀਤੇ ਗਏ ਪੈਲੇਟਸ ਵੱਖ-ਵੱਖ ਥਰਮਲ ਪਾਵਰ ਪਲਾਂਟਾਂ ਤੋਂ ਇਲਾਵਾ ਹੋਰ ਸਬੰਧਤ ਇਕਾਈਆਂ ਨੂੰ ਵੀ ਸਪਲਾਈ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਨੂੰ ਇੱਕ ਕਾਰੋਬਾਰੀ ਮੌਕੇ ਵਜੋਂ ਅਪਣਾਉਣ ਨਾਲ ਕਿਸਾਨਾਂ ਤੇ ਬੇਲਰ ਮਾਲਕਾਂ ਨੂੰ ਵੀ ਪਰਾਲੀ ਦੀ ਸੁਚੱਜੀ ਵਰਤੋਂ ਲਈ ਉਤਸ਼ਾਹ ਮਿਲਦਾ ਹੈ। ਇਸ ਤਰ੍ਹਾਂ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਬੇਕਾਰ ਸਮਝਣ ਦੀ ਬਜਾਏ ਇਸ ਨੂੰ ਉਪਯੋਗੀ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਇਸ ਮੌਕੇ ਐੱਸਡੀਐੱਮ ਤਪਾ ਆਯੂਸ਼ ਗੋਇਲ ਨੇ ਕਿਸਾਨ ਬੂਟਾ ਸਿੰਘ ਤੇ ਪਰਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਅਜਿਹੇ ਯਤਨ ਵਾਤਾਵਰਨ ਦੀ ਸੰਭਾਲ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵਰਤੋਂ ਦੇ ਬਦਲਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਦੇ ਆਧੁਨਿਕ ਤੇ ਵਾਤਾਵਰਨ ਪੱਖੀ ਤਰੀਕਿਆਂ ਨੂੰ ਅਪਣਾ ਕੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ’ਚ ਆਪਣਾ ਯੋਗਦਾਨ ਪਾਉਣ।