- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊ-ਆਧਾਰਤ ਉਦਯੋਗਾਂ ਰਾਹੀਂ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਦਾ ਸੱਦਾ : ਵਿਜੈ ਮਾਰਵਾੜੀ

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ
ਦੇਸ਼ ਨੂੰ ਆਤਮ-ਨਿਰਭਰ ਬਣਾਉਣ ਤੇ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਗਊ-ਆਧਾਰਤ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਰਾਸ਼ਟਰੀ ਗੋਧਨ ਮਹਾਂਸੰਘ ਦੇ ਪ੍ਰਮੁੱਖ ਮੈਂਬਰ ਵਿਜੈ ਮਾਰਵਾੜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਮਹਾਂਸੰਘ ਦੇਸੀ ਗਊ ਨਸਲਾਂ ਦੀ ਸੰਭਾਲ, ਗਾਵਾਂ ਦੀ ਭਲਾਈ ਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਵਿਜੈ ਮਾਰਵਾੜੀ ਨੇ ਦੱਸਿਆ ਕਿ ਮਹਾਂਸੰਘ ਵਾਤਾਵਰਨ ਦੀ ਸੰਭਾਲ, ਅਰਥਵਿਵਸਥਾ ਦੀ ਮਜ਼ਬੂਤੀ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਕੰਮ ਕਰ ਰਿਹਾ ਹੈ। ਗੋਬਰ ਤੇ ਗਊ ਮੂਤਰ ਤੋਂ ਜੈਵਿਕ ਖਾਦ, ਧੂਫਬੱਤੀਆਂ, ਕੁਦਰਤੀ ਪੇਂਟ ਤੇ ਬਾਇਓਗੈਸ ਵਰਗੇ ਉਤਪਾਦ ਤਿਆਰ ਕਰਕੇ ਕਿਸਾਨਾਂ ਤੇ ਗਊਸ਼ਾਲਾਵਾਂ ਦੀ ਆਮਦਨ ਵਧਾਈ ਜਾ ਸਕਦੀ ਹੈ। ਇਸ ਨਾਲ ਪੇਂਡੂ ਖੇਤਰਾਂ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਹਾਂਸੰਘ ਦੀ ਸਥਾਪਨਾ 7 ਨਵੰਬਰ 2006 ਨੂੰ ਹੋਈ ਸੀ। ਰਾਸ਼ਟਰੀ ਕਨਵੀਨਰ ਵਿਜੈ ਖੁਰਾਣਾ ਦੀ ਅਗਵਾਈ ਹੇਠ ਸੰਸਥਾ ਵੱਲੋਂ ਗਊ-ਆਧਾਰਤ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਅਨੁਸਾਰ, ਇਸੇ ਲੜੀ ਤਹਿਤ 1 ਤੋਂ 7 ਨਵੰਬਰ 2026 ਤੱਕ ਦਿੱਲੀ ਹਾਟ, ਜਨਕਪੁਰੀ, ਨਵੀਂ ਦਿੱਲੀ ਵਿਖੇ ਸੱਤ ਰੋਜ਼ਾ ਗੋਧਨ ਦੀਵਾਲੀ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਾਬਕਾ ਰਾਜਪਾਲ ਪ੍ਰੋ. ਜਗਦੀਸ਼ ਮੁਖੀ ਦੀ ਪ੍ਰਧਾਨਗੀ ਹੇਠ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।