ਡੇਰਾ ਬਾਬਾ ਪ੍ਰੇਮ ਨਾਥ ਜੀ ਹੰਡਿਆਇਆ ਦੇ ਬ੍ਰਹਮਲੀਨ ਮਹੰਤ ਮਨਸਾ ਨਾਥ ਦੀ ਅਣਛਪੀ ਲਿਖਤ ਦੀ ਖੋਜ Exclusive news : ਡੇਰਾ ਬਾਬਾ ਪ੍ਰੇਮ ਨਾਥ ਜੀ ਹੰਡਿਆਇਆ ਦੇ ਬ੍ਰਹਮਲੀਨ ਮਹੰਤ ਮਨਸਾ ਨਾਥ ਜੀ ਦੀ ਅਣਛਪੀ ਲਿਖਤ ਦੀ ਖੋਜ
Publish Date: Tue, 27 Oct 2026 06:54 PM (IST)
Updated Date: Tue, 27 Oct 2026 06:55 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਇਲਾਕੇ ਦੀ ਪ੍ਰਸਿੱਧ ਆਧਿਆਤਮਿਕ ਥਾਂ ਡੇਰਾ ਬਾਬਾ ਪ੍ਰੇਮ ਨਾਥ ਜੀ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਤੋਂ ਇੱਕ ਬਹੁਤ ਹੀ ਖਾਸ ਤੇ ਵਡਮੁੱਲੀ ਖ਼ਬਰ ਸਾਹਮਣੇ ਆਈ ਹੈ। ਡੇਰੇ ਦੇ ਬ੍ਰਹਮਲੀਨ ਮਹੰਤ ਯੋਗੀ ਮਨਸਾ ਨਾਥ ਜੀ, ਜੋ ਸਾਲ 2012 ’ਚ ਆਪਣੀ ਦੇਹ ਤਿਆਗ ਕੇ ਪ੍ਰਭੂ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਹੱਥਾਂ ਦੀ ਲਿਖੀ ਅਣਛਪੀ ਕਾਵਿ-ਰੂਪੀ ਬਾਣੀ ਤੇ ਪ੍ਰਵਚਨਾਂ ਦਾ ਖਜ਼ਾਨਾ ਹੁਣ ਸੰਗਤ ਦੇ ਸਾਹਮਣੇ ਆਉਣ ਜਾ ਰਿਹਾ ਹੈ। ਨਾਥ ਯੋਗ ਸੰਪਰਦਾ ਦੀਆਂ ਗੂੜ੍ਹੀਆਂ ਰੂਹਾਨੀ ਰਮਜ਼ਾਂ ਤੇ ਅਗਵਾਈ ਨੂੰ ਅੱਗੇ ਤੋਰਦੀ ਇਹ ਅਣਮੁੱਲੀ ਲਿਖਤ ਹੁਣ ਤੱਕ ਅਣਛਪੀ ਪਈ ਸੀ। ਪੰਜਾਬੀ ਜਾਗਰਣ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਪ੍ਰਸਿੱਧ ਲੇਖਕ ਰਾਮ ਸਰੂਪ ਅਣਖੀ ਜੀ ਦੇ ਫਰਜ਼ੰਦ ਕ੍ਰਾਂਤੀਪਾਲ ਨੇ ਦੱਸਿਆ ਕਿ ਡੇਰੇ ਦੇ ਮੌਜੂਦਾ ਮਹੰਤ ਯੋਗੀ ਸੰਤ ਨਾਥ ਜੀ ਨੇ ਵੱਡਾ ਉੱਦਮ ਕਰਦਿਆਂ ਇਹ ਰੂਹਾਨੀ ਖਜ਼ਾਨਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਆਈ.ਸੀ.ਐੱਸ.ਐੱਸ.ਆਰ. ਦੇ ਖੋਜ ਕਾਰਜ ਨਾਲ ਜੁੜੇ ਡਾਕਟਰ ਦਯਾ ਰਾਮ ਜੀ ਨੂੰ ਸੌਂਪ ਦਿੱਤਾ ਹੈ। ਇਸ ਲਿਖਤ ਨੂੰ ਕਿਤਾਬੀ ਰੂਪ ’ਚ ਛਾਪਣ ਦਾ ਬੀੜਾ ਉੱਤਰ ਪ੍ਰਦੇਸ਼ ਪ੍ਰਸ਼ਾਸਨ ਅਧੀਨ ਚੱਲ ਰਹੀ ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਵੱਲੋਂ ਚੁੱਕਿਆ ਗਿਆ ਹੈ। ਡਾਕਟਰ ਦਯਾ ਰਾਮ ਰਾਹੀਂ ਇਹ ਰਚਨਾ ਅਕਾਦਮੀ ਨੂੰ ਛਪਣ ਵਾਸਤੇ ਭੇਂਟ ਕਰ ਦਿੱਤੀ ਗਈ ਹੈ, ਤਾਂ ਕਿ ਨਾਥ ਪੰਥ ਦੀ ਇਸ ਅਣਮੁੱਲੀ ਦੇਣ ਤੇ ਬਾਬਾ ਮਨਸਾ ਨਾਥ ਜੀ ਦੇ ਬੋਲਾਂ ਨੂੰ ਸੰਗਤਾਂ ਤੇ ਖੋਜਾਰਥੀਆਂ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਯੋਗੀ ਸੰਤ ਨਾਥ ਨੇ ਦੱਸਿਆ ਕਿ ਬ੍ਰਹਮਲੀਨ 1008 ਮਹੰਤ ਯੋਗੀ ਮਨਸਾ ਨਾਥ ਜੀ ਦੀ ਬਾਣੀ ’ਚ ਮਨੁੱਖਤਾ ਨੂੰ ਆਤਮਿਕ ਰਸ ਤੇ ਸੱਚੇ ਮਾਰਗ ਤੇ ਚੱਲਣ ਦੀ ਗੂੜ੍ਹੀ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਕਵਿਤਾਵਾਂ ਨਾਥ ਯੋਗ ਪਰੰਪਰਾ ਨੂੰ ਹੋਰ ਅਮੀਰ ਬਣਾਉਂਦੀਆਂ ਹਨ। ਅਕਾਦਮੀ ਵੱਲੋਂ ਇਸ ਖਜ਼ਾਨੇ ਨੂੰ ਛਾਪਣ ਦਾ ਉੱਦਮ ਅਤਿ ਸਲਾਘਾਯੋਗ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਤੇ ਸਾਹਿਤ ਪ੍ਰੇਮੀਆਂ ਲਈ ਮਾਰਗਦਰਸ਼ਨ ਦਾ ਕੰਮ ਕਰੇਗਾ। ਇਸ ਖਬਰ ਨਾਲ ਪੂਰੇ ਬਰਨਾਲਾ ਇਲਾਕੇ ਦੀਆਂ ਸੰਗਤਾਂ ਤੇ ਨਾਥ ਪੰਥ ਨਾਲ ਜੁੜੇ ਸ਼ਰਧਾਲੂਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।