ਕਰਵਾ ਚੌਥ ’ਤੇ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕਾਂ Exclusive Story : ਕਰਵਾ ਚੌਥ 'ਤੇ ਸ਼ਹਿਰ ਦੇ ਬਾਜ਼ਾਰਾਂ 'ਚ ਰੌਣਕਾਂ
Publish Date: Tue, 27 Oct 2026 06:00 PM (IST)
Updated Date: Tue, 27 Oct 2026 06:04 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਸੁਹਾਗਣਾਂ ਦੇ ਪ੍ਰਮੁੱਖ ਤਿਉਹਾਰ ਕਰਵਾ ਚੌਥ ਨੂੰ ਲੈ ਕੇ ਸ਼ਹਿਰ ਬਰਨਾਲਾ ਦੇ ਬਾਜ਼ਾਰਾਂ ਚ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। 29 ਅਕਤੂਬਰ ਵੀਰਵਾਰ ਨੂੰ ਮਨਾਏ ਜਾ ਰਹੇ ਇਸ ਪਵਿੱਤਰ ਤਿਉਹਾਰ ਲਈ ਔਰਤਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤਿਉਹਾਰ ਦੀਆਂ ਤਿਆਰੀਆਂ ਦੇ ਚੱਲਦਿਆਂ ਬਾਜ਼ਾਰਾਂ ’ਚ ਨਵੇਂ ਕੱਪੜੇ, ਸਾੜੀਆਂ, ਸੂਟ, ਛਣਕਦੀਆਂ ਚੂੜੀਆਂ, ਗਹਿਣੇ, ਬਿੰਦੀ-ਸਿੰਧੂਰ ਤੇ ਪੂਜਾ ਦਾ ਸਾਮਾਨ ਖਰੀਦਣ ਲਈ ਬੀਬੀਆਂ ਦੀ ਭਾਰੀ ਭੀੜ ਜੁੜ ਰਹੀ ਹੈ। ਇਸ ਦੇ ਨਾਲ ਹੀ ਹੱਥਾਂ ’ਤੇ ਮਹਿੰਦੀ ਰਚਾਉਣ ਤੇ ਸ਼ਿੰਗਾਰ ਲਈ ਬਿਊਟੀ ਪਾਰਲਰਾਂ ਚ ਵੀ ਅਗਾਊਂ ਬੁਕਿੰਗਾਂ ਤੇ ਤਿਆਰੀਆਂ ਦਾ ਦੌਰ ਜ਼ੋਰਾਂ ’ਤੇ ਹੈ। - ਪਤੀ ਦੀ ਲੰਮੀ ਉਮਰ ਤੇ ਸੁੱਖ-ਸ਼ਾਂਤੀ ਲਈ ਰੱਖਿਆ ਜਾਂਦੈ ਵਰਤ ਕਰਵਾ ਚੌਥ ਦਾ ਤਿਉਹਾਰ ਸਾਡੇ ਭਾਰਤੀ ਸੱਭਿਆਚਾਰ ਤੇ ਰੀਤੀ-ਰਿਵਾਜਾਂ ਨਾਲ ਗੂੜ੍ਹਾ ਜੁੜਿਆ ਹੋਇਆ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਘਰ-ਪਰਿਵਾਰ ਦੀ ਰਾਜ਼ੀ-ਖੁਸ਼ੀ ਲਈ ਨਿਰਜਲਾ ਵਰਤ ਰੱਖਦੀਆਂ ਹਨ। ਔਰਤਾਂ ਤੜਕੇ ਤਾਰੇ ਦੀ ਛਾਂਵੇਂ ਸਰਗੀ ਖਾ ਕੇ ਵਰਤ ਦੀ ਸ਼ੁਰੂਆਤ ਕਰਦੀਆਂ ਹਨ ਤੇ ਸ਼ਾਮ ਨੂੰ ਕਰਵਾ ਮਾਤਾ ਦੀ ਪੂਜਾ ਕਰਨ ਤੋਂ ਬਾਅਦ ਚੰਦਰਮਾ ਦੇ ਦਰਸ਼ਨ ਕਰ ਕੇ ਹੀ ਆਪਣਾ ਵਰਤ ਖੋਲ੍ਹਦੀਆਂ ਹਨ। - ਪੂਜਾ ਦੀ ਸਮੱਗਰੀ ਤੇ ਸ਼ਿੰਗਾਰ ਦੇ ਸਾਮਾਨ ਦੀ ਧੜੱਲੇ ਨਾਲ ਖਰੀਦਦਾਰੀ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰਾਂ ’ਚ ਪੂਜਾ ਦੀਆਂ ਸਜੀਆਂ-ਧਜੀਆਂ ਥਾਲੀਆਂ, ਮਿੱਟੀ ਦੇ ਕਰਵੇ, ਛਾਨਣੀਆਂ, ਦੀਵੇ, ਸਜਾਵਟੀ ਸਾਮਾਨ, ਮਿਠਾਈਆਂ ਤੇ ਫਲਾਂ ਦੀ ਧੜੱਲੇ ਨਾਲ ਵਿਕਰੀ ਹੋ ਰਹੀ ਹੈ। ਬੀਬੀਆਂ ਆਪਣੇ ਪਹਿਰਾਵੇ ਨਾਲ ਮੇਲ ਖਾਂਦੀਆਂ ਚੂੜੀਆਂ ਤੇ ਸ਼ਿੰਗਾਰ ਦੀਆਂ ਹੋਰ ਵਸਤਾਂ ਖਰੀਦਣ ਚ ਖਾਸ ਦਿਲਚਸਪੀ ਦਿਖਾ ਰਹੀਆਂ ਹਨ। ਐਨ ਮੌਕੇ ਦੀ ਭੀੜ-ਭੜੱਕੇ ਤੋਂ ਬਚਣ ਲਈ ਬਹੁਤ ਸਾਰੀਆਂ ਔਰਤਾਂ ਪਹਿਲਾਂ ਹੀ ਖਰੀਦਦਾਰੀ ਨਿਬੇੜਨ ਨੂੰ ਪਹਿਲ ਦੇ ਰਹੀਆਂ ਹਨ। - ਮਹਿੰਦੀ ਤੇ ਸ਼ਿੰਗਾਰ ਲਈ ਬਿਊਟੀ ਪਾਰਲਰਾਂ ’ਚ ਵਧੀ ਗਹਿਮਾ-ਗਹਿਮੀ ਕਰਵਾ ਚੌਥ ’ਤੇ ਹੱਥਾਂ-ਪੈਰਾਂ ’ਤੇ ਮਹਿੰਦੀ ਰਚਾਉਣ ਦਾ ਵਿਸ਼ੇਸ਼ ਮਹੱਤਵ ਹੈ। ਔਰਤਾਂ ਆਪਣੇ ਹੱਥਾਂ ’ਤੇ ਸੋਹਣੇ ਤੇ ਆਕਰਸ਼ਕ ਡਿਜ਼ਾਈਨ ਵਾਹੁਣ ਲਈ ਮਹਿੰਦੀ ਕਲਾਕਾਰਾਂ ਕੋਲ ਪੁੱਜ ਰਹੀਆਂ ਹਨ। ਰਵਾਇਤੀ ਬੇਲ-ਬੂਟਿਆਂ ਤੋਂ ਲੈ ਕੇ ਅੱਜ-ਕੱਲ੍ਹ ਦੇ ਨਵੇਂ ਆਧੁਨਿਕ ਡਿਜ਼ਾਈਨਾਂ ਤੱਕ, ਹਰ ਕੋਈ ਆਪਣੀ ਪਸੰਦ ਮੁਤਾਬਕ ਮਹਿੰਦੀ ਲਵਾ ਰਿਹਾ ਹੈ। ਤਿਉਹਾਰ ਦੇ ਨੇੜੇ ਆਉਂਦਿਆਂ ਹੀ ਮਹਿੰਦੀ ਲਾਉਣ ਵਾਲਿਆਂ ਤੇ ਬਿਊਟੀ ਪਾਰਲਰਾਂ ਵਾਲਿਆਂ ਦੇ ਰੁਝੇਵੇਂ ਕਾਫੀ ਵੱਧ ਗਏ ਹਨ। ਇਸ ਤੋਂ ਇਲਾਵਾ ਆਪਣੇ ਪਹਿਰਾਵੇ ਨਾਲ ਢੁੱਕਵਾਂ ਮੇਕਅੱਪ ਤੇ ਹੇਅਰ ਸਟਾਈਲ ਬਣਵਾਉਣ ਲਈ ਵੀ ਬੀਬੀਆਂ ਵੱਲੋਂ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। - ਪੂਜਾ ਦਾ ਸਾਮਾਨ ਪਹਿਲਾਂ ਹੀ ਤਿਆਰ ਰੱਖਣ ਦੀ ਸਲਾਹ ਕਰਵਾ ਚੌਥ ਦੀ ਪੂਜਾ ਲਈ ਕਰਵਾ, ਛਾਨਣੀ, ਪੂਜਾ ਥਾਲੀ, ਰੋਲੀ, ਚੌਲ, ਮੌਲੀ, ਦੀਵਾ, ਧੂਫ਼, ਮਿਠਾਈਆਂ ਤੇ ਫਲ ਸਮੇਤ ਸਾਰੇ ਜ਼ਰੂਰੀ ਸਾਮਾਨ ਨੂੰ ਪਹਿਲਾਂ ਹੀ ਇਕੱਠਾ ਕਰਕੇ ਰੱਖ ਲਿਆ ਜਾਂਦਾ ਹੈ। ਸ਼ਾਮ ਵੇਲੇ ਔਰਤਾਂ ਪੂਜਾ ਵਾਲੀ ਥਾਂ ਨੂੰ ਸਾਫ਼-ਸੁਥਰਾ ਕਰਕੇ ਸਜਾਉਂਦੀਆਂ ਹਨ ਤੇ ਇਕੱਠੀਆਂ ਬੈਠ ਕੇ ਕਰਵਾ ਚੌਥ ਦੀ ਕਥਾ ਸੁਣਦੀਆਂ ਹਨ। ਇਸ ਤੋਂ ਬਾਅਦ ਚੰਦਰਮਾ ਨੂੰ ਅਰਘ ਦੇ ਕੇ ਪਤੀ ਦੇ ਹੱਥੋਂ ਜਲ ਛਕ ਕੇ ਵਰਤ ਖੋਲ੍ਹਣ ਦੀ ਰਵਾਇਤ ਨਿਭਾਈ ਜਾਂਦੀ ਹੈ। - ਗੂੜ੍ਹੇ ਪਿਆਰ ਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ ਇਹ ਤਿਉਹਾਰ : ਸ਼ੋਰੀਆ ਗਾਰਗੀ ਐਸਟਰੋ ਸ਼ੋਰੀਆ ਗਾਰਗੀ ਤਪਾ ਮੰਡੀ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਕਰਵਾ ਚੌਥ ਦਾ ਤਿਉਹਾਰ ਪਤੀ-ਪਤਨੀ ਦੇ ਪਿਆਰ, ਆਪਸੀ ਵਿਸ਼ਵਾਸ ਤੇ ਪਰਿਵਾਰਕ ਗੂੜ੍ਹੇ ਰਿਸ਼ਤੇ ਦਾ ਪ੍ਰਤੀਕ ਹੈ। ਪੂਜਾ ਦੌਰਾਨ ਮਾਤਾ ਪਾਰਵਤੀ, ਭਗਵਾਨ ਸ਼ਿਵ ਤੇ ਸ਼੍ਰੀ ਗਣੇਸ਼ ਜੀ ਦੀ ਅਰਾਧਨਾ ਕੀਤੀ ਜਾਂਦੀ ਹੈ। ਗਾਰਗੀ ਨੇ ਕਿਹਾ ਕਿ ਵਿਦਵਾਨਾਂ ਦਾ ਕਹਿਣਾ ਹੈ ਕਿ ਧਾਰਮਿਕ ਰੀਤਾਂ ਨਿਭਾਉਣ ਦੇ ਨਾਲ-ਨਾਲ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਆਪਣੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਆਪਣੀ ਸਰੀਰਕ ਸਮਰੱਥਾ ਅਨੁਸਾਰ ਹੀ ਵਰਤ ਰੱਖਣਾ ਚਾਹੀਦਾ ਹੈ। ਕੁੱਲ ਮਿਲਾ ਕੇ ਕਰਵਾ ਚੌਥ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ। ਇਹ ਤਿਉਹਾਰ ਜਿੱਥੇ ਆਸਥਾ ਨਾਲ ਜੁੜਿਆ ਹੋਇਆ ਹੈ, ਉੱਥੇ ਹੀ ਪਰਿਵਾਰਕ ਰਿਸ਼ਤਿਆਂ ’ਚ ਪਿਆਰ, ਸਤਿਕਾਰ ਤੇ ਆਪਸੀ ਸਾਂਝ ਨੂੰ ਹੋਰ ਪੱਕਾ ਕਰਨ ਦਾ ਹੋਕਾ ਵੀ ਦਿੰਦਾ ਹੈ।