- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਮੀਦੀ 'ਚ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਕੇ ਪਰਾਲੀ ਦੀ ਟਰਾਲੀ ਨੂੰ ਲੱਗੀ ਅੱਗ

ਯਾਦਵਿੰਦਰ ਸਿੰਘ ਭੁੱਲਰ/ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਬਰਨਾਲਾ : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ਵਿਖੇ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇੱਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ। ਬਿਜਲੀ ਦੀਆਂ ਨੀਵੀਆਂ ਲਟਕਦੀਆਂ ਤਾਰਾਂ ਨਾਲ ਛੂਹਣ ਕਰਕੇ ਝੋਨੇ ਦੀ ਪਰਾਲੀ ਨਾਲ ਭਰੀ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਏਨਾ ਭਾਂਬੜ ਮਚਾਇਆ ਕਿ ਪਰਾਲੀ ਦੇ ਨਾਲ-ਨਾਲ ਟਰਾਲੀ ਦੇ ਟਾਇਰ ਵੀ ਸੜ ਕੇ ਸੁਆਹ ਹੋ ਗਏ। ਮੌਕੇ ’ਤੇ ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਦੀ ਟੀਮ 'ਚ ਡਰਾਈਵਰ ਮਨਪ੍ਰੀਤ ਸਿੰਘ, ਫਾਇਰਮੈਨ ਆਕਾਸ਼ਦੀਪ ਸਿੰਘ, ਅਰਜਨ ਸਿੰਘ, ਮਨਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ। ਹਾਲਾਂਕਿ, ਟਰੈਕਟਰ-ਟਰਾਲੀ ਦੇ ਮਾਲਕ ਦਾ ਭਾਰੀ ਮਾਲੀ ਨੁਕਸਾਨ ਹੋ ਗਿਆ ਹੈ।
ਟਰੈਕਟਰ ਮਾਲਕ ਰਵਿੰਦਰ ਸਿੰਘ ਵਾਸੀ ਨੰਗਲ ਤੇ ਚਾਲਕ ਅਮਨਦੀਪ ਸਿੰਘ ਵਾਸੀ ਸੰਘੇੜਾ ਨੇ ਦੱਸਿਆ ਕਿ ਉਹ ਪਿੰਡ ਕਰਮਗੜ੍ਹ ਤੋਂ ਪਰਾਲੀ ਲੱਦ ਕੇ ਫਤੇਗੜ੍ਹ ਪੰਜਗਰਾਈਆਂ ਦੀ ਇੱਕ ਫੈਕਟਰੀ ਵੱਲ ਜਾ ਰਹੇ ਸਨ। ਜਦੋਂ ਉਹ ਹਮੀਦੀ ਦੀ ਅਨਾਜ ਮੰਡੀ ਕੋਲੇ ਪਹੁੰਚੇ, ਤਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਪਰਾਲੀ ਨਾਲ ਖਹਿ ਗਈਆਂ, ਜਿਸ ਕਰਕੇ ਪਟਾਕਾ ਪਿਆ ਤੇ ਪਰਾਲੀ ਨੂੰ ਅੱਗ ਲੱਗ ਗਈ। ਘਟਨਾ ਦਾ ਪਤਾ ਲਗਦਿਆਂ ਹੀ ਪਿੰਡ ਵਾਸੀਆਂ ਨੇ ਹਿੰਮਤ ਕਰਕੇ ਪਾਣੀ ਵਾਲੀਆਂ ਟੈਂਕੀਆਂ ਤੇ ਹੋਰ ਹੀਲੇ-ਵਸੀਲਿਆਂ ਨਾਲ ਅੱਗ ਬੁਝਾਉਣੀ ਸ਼ੁਰੂ ਕੀਤੀ। ਅੱਗ ਵਧਦੀ ਵੇਖ ਬਰਨਾਲਾ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਨੂੰ ਗੱਲ ਕੀਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਸ਼ਾਂਤ ਕੀਤੀ। ਟਰੈਕਟਰ ਮਾਲਕ ਅਨੁਸਾਰ ਪਰਾਲੀ ਤੇ ਟਰਾਲੀ ਦੇ ਟਾਇਰ ਸੜਨ ਕਰਕੇ ਕਰੀਬ ਇੱਕ ਲੱਖ ਰੁਪਏ ਦਾ ਘਾਟਾ ਪੈ ਗਿਆ ਹੈ। ਜੇਕਰ ਵੇਲੇ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ, ਤਾਂ ਨੁਕਸਾਨ ਹੋਰ ਵੀ ਵੱਧ ਹੋ ਸਕਦਾ ਸੀ। ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਠੁੱਲੀਵਾਲ ਦੇ ਏ.ਐੱਸ.ਆਈ. ਜਸਵਿੰਦਰ ਸਿੰਘ ਧਨੌਲਾ, ਏ.ਐੱਸ.ਆਈ. ਮਨਜਿੰਦਰ ਕੌਰ ਚੌਹਾਨਕੇ ਤੇ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪੰਚ ਏਕਮ ਸਿੰਘ ਦਿਉਲ, ਸਾਬਕਾ ਮੀਤ ਪ੍ਰਧਾਨ ਕੌਰ ਸਿੰਘ ਰਾਣੂ, ਕਰਨੈਲ ਸਿੰਘ ਢਿੱਲੋਂ, ਹਰਪ੍ਰੀਤ ਸਿੰਘ, ਬਲਕਾਰ ਸਿੰਘ, ਜੋਤ ਸਿੰਘ, ਜਸਵੀਰ ਸਿੰਘ ਹਮੀਦੀ ਉਰਫ਼ ਕਾਲਾ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।