- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Exclusive ਪਰਿਚਰਚਾ : ਤਿਉਹਾਰਾਂ ’ਤੇ ਰੌਲ਼ਾ-ਰੱਪਾ ਤੇ ਵਿਖਾਵਾ ਛੱਡ ਕੇ ਭਾਈਚਾਰੇ ਤੇ ਸਫ਼ਾਈ ਵੱਲ ਧਿਆਨ ਦੇਣ ਲੋਕ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸਾਡੇ ਸਮਾਜ ’ਚ ਤਿਉਹਾਰਾਂ ਦੀ ਆਪਣੀ ਹੀ ਇੱਕ ਖਾਸ ਠੁੱਕ ਤੇ ਅਹਿਮੀਅਤ ਹੈ। ਇਹ ਤਿਉਹਾਰ ਜਿੱਥੇ ਧਰਮ-ਕਰਮ ਤੇ ਸਾਡੀਆਂ ਪੁਰਾਣੀਆਂ ਰੀਤਾਂ ਨਾਲ ਜੁੜੇ ਹੋਏ ਹਨ, ਉੱਥੇ ਹੀ ਲੋਕਾਂ ਦੇ ਦਿਲਾਂ ’ਚ ਆਪਸੀ ਪਿਆਰ-ਮੁਹੱਬਤ ਤੇ ਭਾਈਚਾਰਕ ਸਾਂਝ ਨੂੰ ਵੀ ਪੱਕਾ ਕਰਦੇ ਹਨ। ਆ ਰਹੇ ਦੀਵਾਲੀ, ਦੁਸਹਿਰੇ ਤੇ ਗੋਵਰਧਨ ਪੂਜਾ ਵਰਗੇ ਤਿਉਹਾਰਾਂ ਨੂੰ ਦੇਖਦਿਆਂ ਸਮਾਜ ਸੇਵੀ ਸੱਜਣਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦਿਨਾਂ ’ਚ ਫ਼ਜ਼ੂਲ ਦੀ ਸ਼ਾਨੋ-ਸ਼ੌਕਤ ਛੱਡ ਕੇ ਸਾਦਗੀ, ਸੇਵਾ-ਭਾਵਨਾ ਤੇ ਜ਼ਿੰਮੇਵਾਰੀ ਨਾਲ ਤਿਉਹਾਰ ਮਨਾਏ ਜਾਣ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਅਸਲ ਮਕਸਦ ਆਪਸੀ ਪਿਆਰ, ਸ਼ਾਂਤੀ ਤੇ ਏਕਤਾ ਦਾ ਸੁਨੇਹਾ ਦੇਣਾ ਹੈ। ਜੇਕਰ ਅਸੀਂ ਇਨ੍ਹਾਂ ਨੂੰ ਸਾਫ਼-ਸਫ਼ਾਈ ਤੇ ਬਿਨਾਂ ਵਿਖਾਵੇ ਦੇ ਮਨਾਈਏ, ਤਾਂ ਤਿਉਹਾਰਾਂ ਦਾ ਚਾਅ-ਮਲ੍ਹਾਰ ਸਿਰਫ਼ ਆਪਣੇ ਘਰਾਂ ਤੱਕ ਹੀ ਨਹੀਂ, ਸਗੋਂ ਪੂਰੇ ਭਾਈਚਾਰੇ ’ਚ ਖ਼ੁਸ਼ੀਆਂ ਘੋਲ ਦੇਵੇਗਾ।
- ਮਨ ’ਚ ਚੰਗੇ ਵਿਚਾਰ ਤੇ ਹਲੀਮੀ ਲਿਆਉਣਾ ਹੀ ਤਿਉਹਾਰਾਂ ਦਾ ਉਦੇਸ਼ : ਜੋਸ਼ੀ ਗੋਇਲ
ਬਰਨਾਲਾ ਦੇ ਉੱਘੇ ਸਮਾਜ ਸੇਵੀ ਤੇ ਪ੍ਰਸਿੱਧ ਕਾਲੋਨਾਈਜਰ ਜੋਸ਼ੀ ਗੋਇਲ ਦਾ ਕਹਿਣਾ ਹੈ ਕਿ ਤਿਉਹਾਰ ਸਿਰਫ਼ ਚਾਅ ਪੂਰੇ ਕਰਨ ਦਾ ਜ਼ਰੀਆ ਨਹੀਂ, ਸਗੋਂ ਆਪਣੇ ਚੰਗੇ ਲੱਛਣਾਂ ਨੂੰ ਕਾਇਮ ਰੱਖਣ ਤੇ ਟੱਬਰ ਨਾਲ ਬਹਿ ਕੇ ਖ਼ੁਸ਼ੀਆਂ ਵੰਡਣ ਦਾ ਸਮਾਂ ਹੁੰਦੇ ਹਨ। ਧਾਰਮਿਕ ਕੰਮਾਂ-ਕਾਰਾਂ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਨਵੀਂ ਪਨੀਰੀ ਨੂੰ ਆਪਣੀਆਂ ਜੜ੍ਹਾਂ ਤੇ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਵੇਲੇ ਗਰੀਬ-ਗੁਰਬੇ ਤੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨਾ, ਵੱਡਿਆਂ ਦਾ ਆਦਰ-ਸਤਿਕਾਰ ਕਰਨਾ ਤੇ ਭਾਈਚਾਰਾ ਬਣਾਈ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਪੈਸੇ ਰੋੜ੍ਹਨ ਤੇ ਵਿਖਾਵਾ ਕਰਨ ਨਾਲੋਂ ਚੰਗਾ ਹੈ ਕਿ ਸੇਵਾ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਵੇ।
- ਇੱਕ-ਦੂਜੇ ਨਾਲ ਰਲ-ਮਿਲ ਕੇ ਮਨਾਓ ਤਿਉਹਾਰ : ਸੁਮੀਤ
ਬਰਨਾਲਾ ਦੀ ਅੰਬੈ ਹੋਮ ਦੇ ਕਾਲੋਨਾਈਜਰ ਸੁਮਿਤ ਗੋਇਲ ਨੇ ਆਖਿਆ ਕਿ ਤਿਉਹਾਰਾਂ ਦਾ ਅਸਲ ਆਨੰਦ ਉਦੋਂ ਹੀ ਆਉਂਦਾ ਹੈ, ਜਦੋਂ ਸਮਾਜ ਦਾ ਹਰ ਜੀਅ ਇਨ੍ਹਾਂ ਖ਼ੁਸ਼ੀਆਂ ’ਚ ਸ਼ਾਮਲ ਹੋਵੇ। ਮਾੜੀ ਆਰਥਿਕ ਹਾਲਤ ਵਾਲੇ ਘਰਾਂ ਦੇ ਜਵਾਕਾਂ ਨੂੰ ਮਠਿਆਈਆਂ, ਨਵੇਂ ਲੀੜੇ-ਕੱਪੜੇ ਤੇ ਜ਼ਰੂਰੀ ਸਾਮਾਨ ਲੈ ਕੇ ਦੇਈਏ ਤਾਂ ਜੋ ਉਨ੍ਹਾਂ ਦੇ ਚਿਹਰਿਆਂ ’ਤੇ ਵੀ ਰੌਣਕ ਆ ਸਕੇ। ਤਿਉਹਾਰਾਂ ਦੇ ਬਹਾਨੇ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇੱਕ-ਦੂਜੇ ਦੇ ਗਲ਼ੇ ਮਿਲਣਾ ਚਾਹੀਦਾ ਹੈ। ਨੌਜਵਾਨ ਮੁੰਡੇ-ਕੁੜੀਆਂ ਨੂੰ ਇਨ੍ਹਾਂ ਧਾਰਮਿਕ ਤੇ ਸਮਾਜਿਕ ਕੰਮਾਂ ’ਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਤਿਉਹਾਰਾਂ ’ਤੇ ਫੋਕੇ ਖ਼ਰਚੇ ਕਰਨ ਨਾਲੋਂ ਚੰਗਾ ਹੈ ਕਿ ਪੈਸਾ ਪਰਿਵਾਰ ਤੇ ਸਮਾਜ ਦੇ ਚੰਗੇ ਕੰਮਾਂ ਲੇਖੇ ਲਾਇਆ ਜਾਵੇ।
- ਰੀਤਾਂ ਦੇ ਨਾਲ-ਨਾਲ ਆਲੇ-ਦੁਆਲੇ ਤੇ ਵਾਤਾਵਰਣ ਦੀ ਸੰਭਾਲ ਜ਼ਰੂਰੀ : ਗੁਰਨੈਬ
ਸਮਾਜ ਸੇਵੀ ਤੇ ਠੇਕੇਦਾਰ ਗੁਰਨੈਬ ਸਿੰਘ ਸੰਧੂ ਨੇ ਵਾਤਾਵਰਣ ’ਤੇ ਸਿਹਤ ਦਾ ਪੱਖ ਪੂਰਦਿਆਂ ਕਿਹਾ ਕਿ ਤਿਉਹਾਰਾਂ ਵੇਲੇ ਹਵਾ ਤੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਹੱਦੋਂ ਵੱਧ ਪਟਾਕੇ ਚਲਾਉਣ ਨਾਲ ਧੂੰਆਂ ਤੇ ਖੜਕਾ ਵਧਦਾ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਬੰਦਿਆਂ ਨੂੰ ਡਾਢੀ ਤਕਲੀਫ਼ ਹੁੰਦੀ ਹੈ। ਇਸ ਲਈ ਪਟਾਕਿਆਂ ਤੋਂ ਗੁਰੇਜ਼ ਕਰਕੇ ਵਾਤਾਵਰਨ ਪੱਖੀ ਤਰੀਕੇ ਅਪਣਾਏ ਜਾਣ। ਆਪਣੇ ਘਰਾਂ ਤੇ ਗਲ਼ੀ-ਮੁਹੱਲੇ ਦੀ ਸਫ਼ਾਈ ਰੱਖਣਾ, ਕੂੜਾ-ਕਰਕਟ ਨਿਯਤ ਥਾਂ 'ਤੇ ਸੁੱਟਣਾ ਤੇ ਬਿਜਲੀ ਦੀ ਬੱਚਤ ਕਰਨਾ ਵਰਗੇ ਛੋਟੇ-ਛੋਟੇ ਉੱਦਮ ਵੀ ਬਹੁਤ ਵੱਡਾ ਸੁਧਾਰ ਲਿਆ ਸਕਦੇ ਹਨ। ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਵੀ ਜਨਤਕ ਥਾਵਾਂ ’ਤੇ ਸਫ਼ਾਈ ਰੱਖਣ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
- ਚੰਗੇ ਨੈਤਿਕ ਗੁਣਾਂ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪਹਿਲ ਦੇਈਏ : ਲਵ
ਬਰਨਾਲਾ ਨਗਰ ਨਿਗਮ ਦੇ ਠੇਕੇਦਾਰ ਲਵ ਨੇ ਕਿਹਾ ਕਿ ਤਿਉਹਾਰ ਸਾਨੂੰ ਬੁਰਾਈ ’ਤੇ ਚੰਗਿਆਈ ਦੀ ਜਿੱਤ, ਸੱਚ ਦੇ ਰਾਹ ’ਤੇ ਚੱਲਣ ਤੇ ਸਰਬੱਤ ਦੇ ਭਲੇ ਦੀ ਪ੍ਰੇਰਨਾ ਦਿੰਦੇ ਹਨ। ਇਨ੍ਹਾਂ ਮੌਕਿਆਂ ’ਤੇ ਬੱਚਿਆਂ ਨੂੰ ਧਾਰਮਿਕ ਸਾਖੀਆਂ, ਸਾਡੇ ਸੱਭਿਆਚਾਰ ਤੇ ਚੰਗੀਆਂ ਆਦਤਾਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਅਮੀਰ ਵਿਰਾਸਤ ਨੂੰ ਨਾ ਭੁੱਲਣ। ਪਰਿਵਾਰਾਂ ਨੂੰ ਆਪਣੇ ਜਵਾਕਾਂ ਦੇ ਮਨਾਂ ਵਿੱਚ ਲੋੜਵੰਦਾਂ ਲਈ ਹਮਦਰਦੀ ਤੇ ਵੱਡਿਆਂ ਲਈ ਸਤਿਕਾਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।