- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਜੀਐਸ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਇੱਕ ਰੋਜ਼ਾ ਵਿਦਿਅਕ ਟੂਰ ਲਗਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਅੱਠਵੀਂ ਜਮਾਤ ਤੇ ਐੱਨਸੀਸੀ ਕੈਡਿਟਾਂ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਵਿੱਦਿਆਕ ਅਤੇ ਇਤਿਹਾਸਕ ਟੂਰ ਕਰਵਾਇਆ ਗਿਆ। ਟੂਰ ਦੌਰਾਨ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇੱਥੇ ਬੱਚਿਆਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਰਸੋਈ (ਲੰਗਰ ਸੇਵਾ) ਦੇ ਪ੍ਰਬੰਧਨ ਅਤੇ ਅਨੁਸ਼ਾਸਨ ਨੂੰ ਨੇੜਿਓਂ ਦੇਖਿਆ। ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦੇ ਪ੍ਰਸਿੱਧ ਸਥਾਨ ਸਾਡਾ ਪਿੰਡ ਦਾ ਦੌਰਾ ਕਰਵਾਇਆ ਗਿਆ, ਜਿੱਥੇ ਬੱਚਿਆਂ ਨੇ ਪੁਰਾਤਨ ਪੰਜਾਬ ਦੇ ਰਹਿਣ-ਸਹਿਣ, ਕਲਾ ਤੇ ਸੱਭਿਆਚਾਰਕ ਵੰਨਗੀਆਂ ਦਾ ਭਰਪੂਰ ਆਨੰਦ ਮਾਣਿਆ। ਟੂਰ ਦੇ ਆਖ਼ਰੀ ਪੜਾਅ ’ਚ ਵਿਦਿਆਰਥੀ ਅਟਾਰੀ-ਵਾਹਗਾ ਬਾਰਡਰ ਪਹੁੰਚੇ। ਉੱਥੇ ਦੇਸ਼ ਦੇ ਜਵਾਨਾਂ ਦੇ ਹੌਸਲੇ, ਹੋਣ ਵਾਲੀ ਬੀਟਿੰਗ ਰੀਟਰੀਟ ਰਸਮ ਤੇ ਦੇਸ਼ ਭਗਤੀ ਦੇ ਨਾਅਰਿਆਂ ਨੇ ਐੱਨਸੀਸੀ ਕੈਡਿਟਾਂ ਤੇ ਬੱਚਿਆਂ ’ਚ ਭਾਰੀ ਉਤਸ਼ਾਹ, ਜੋਸ਼ ਅਤੇ ਅਨੁਸ਼ਾਸਨ ਦੀ ਭਾਵਨਾ ਭਰ ਦਿੱਤੀ। ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਨੇ ਦੱਸਿਆ ਕਿ ਅਜਿਹੇ ਵਿੱਦਿਆਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਨਾਲ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ, ਇਤਿਹਾਸਕ ਤੇ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ। ਖ਼ਾਸ ਕਰਕੇ ਐੱਨਸੀਸੀ ਕੈਡਿਟਾਂ ਲਈ ਬਾਰਡਰ ਦਾ ਦੌਰਾ ਉਨ੍ਹਾਂ ’ਚ ਦੇਸ਼ ਸੇਵਾ ਤੇ ਅਨੁਸ਼ਾਸਨ ਦੇ ਗੁਣਾਂ ਨੂੰ ਹੋਰ ਪੱਕਾ ਕਰਦਾ ਹੈ। ਟੂਰ ਤੋਂ ਵਾਪਸ ਪਰਤੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਤੇ ਇੱਕ ਵੱਖਰਾ ਹੀ ਆਤਮ-ਵਿਸ਼ਵਾਸ ਦੇਖਣ ਨੂੰ ਮਿਲ ਰਿਹਾ ਸੀ।