- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਬੀਐਸ ਸਕੂਲ ਦੇ ਰਾਜਵੀਰ ਦੀ ਐਥਲੈਟਿਕਸ ’ਚ ਰਾਸ਼ਟਰੀ ਪੱਧਰ ਉੱਤੇ ਚੋਣ ਹੋਈ

ਨਵਦੀਪ ਸੇਖਾ, ਪੰਜਾਬੀ ਜਾਗਰਣ
ਬਰਨਾਲਾ : ਐੱਸਬੀਐੱਸ ਪਬਲਿਕ ਸਕੂਲ ਸੁਰਜੀਤਪੁਰਾ ਦੇ ਹੋਣਹਾਰ ਖਿਡਾਰੀ ਰਾਜਵੀਰ ਸਿੰਘ ਗਿੱਲ ਨੇ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਪੰਜਾਬ ਵੱਲੋਂ 6 ਅਕਤੂਬਰ ਨੂੰ ਕਰਵਾਈਆਂ ਗਈਆਂ ਪੰਜਵੀਆਂ ਸਾਲਾਨਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਰਾਜਵੀਰ ਸਿੰਘ ਗਿੱਲ ਨੇ 60 ਮੀਟਰ ਦੌੜ ’ਚ ਪਹਿਲਾ ਸਥਾਨ, 600 ਮੀਟਰ ਦੌੜ ’ਚ ਦੂਜਾ ਸਥਾਨ ਤੇ ਲੰਬੀ ਛਾਲ ’ਚ ਪਹਿਲਾ ਸਥਾਨ ਹਾਸਲ ਕਰ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਕਰਨ ਉਪਰੰਤ ਉਸ ਦੀ ਚੋਣ ਕੌਮੀ ਪੱਧਰ ਦੀਆਂ ਖੇਡਾਂ ਲਈ ਹੋਈ ਹੈ। ਹੁਣ ਰਾਜਵੀਰ ਸਿੰਘ ਗਿੱਲ 14 ਨਵੰਬਰ ਨੂੰ ਹੈਦਰਾਬਾਦ ਵਿਖੇ ਹੋਣ ਵਾਲੀਆਂ ਕੌਮੀ ਖੇਡਾਂ ’ਚ ਭਾਗ ਲੈਣ ਲਈ ਜਾਵੇਗਾ। ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ’ਚ ਵਿਸ਼ੇਸ਼ ਤੌਰ 'ਤੇ ਰਾਜਵੀਰ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਕਮਲਜੀਤ ਕੌਰ ਨੇ ਖਿਡਾਰੀ ਨੂੰ ਸਨਮਾਨਿਤ ਕਰਦਿਆਂ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਕੌਮੀ ਪੱਧਰ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਡੀਪੀਈ ਰਣਜੀਤ ਸਿੰਘ ਨੇ ਖਿਡਾਰੀ ਦੀ ਸਫ਼ਲਤਾ ਬਾਰੇ ਦੱਸਦਿਆਂ ਕਿਹਾ ਕਿ ਰਾਜਵੀਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ, ਲਗਾਤਾਰ ਅਭਿਆਸ, ਅਨੁਸ਼ਾਸਨ ਤੇ ਖੇਡ ਦੇ ਤਕਨੀਕੀ ਨੁਕਤਿਆਂ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਦੌੜਾਂ ’ਚ ਤੇਜ਼ ਸ਼ੁਰੂਆਤ, ਸਹੀ ਸਰੀਰਕ ਸੰਤੁਲਨ, ਸਟੈਮਿਨਾ ਤੇ ਲੰਬੀ ਛਾਲ ’ਚ ਟੇਕ-ਆਫ਼ ਦੀ ਸਹੀ ਤਕਨੀਕ ਵਰਗੇ ਪਹਿਲੂਆਂ ਉੱਤੇ ਮਿਹਨਤ ਕਰਨ ਨਾਲ ਖਿਡਾਰੀ ਆਪਣੇ ਪ੍ਰਦਰਸ਼ਨ ’ਚ ਹੋਰ ਸੁਧਾਰ ਕਰ ਸਕਦਾ ਹੈ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਸੰਜੇ ਕੁਮਾਰ ਨੇ ਰਾਜਵੀਰ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਉਸ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਨੇ ਰਾਜਵੀਰ ਨੂੰ ਕੌਮੀ ਪੱਧਰ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਕਮਲਜੀਤ ਕੌਰ ਨੇ ਕਿਹਾ ਕਿ ਖੇਡਾਂ ਬੱਚਿਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਜਿੱਤਣ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਰਾਜਵੀਰ ਕੌਮੀ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ। ਸਮੂਹ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰਾਜਵੀਰ ਸਿੰਘ ਗਿੱਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਆਉਣ ਵਾਲੀਆਂ ਕੌਮੀ ਖੇਡਾਂ ਲਈ ਉਸ ਦੀ ਸਫ਼ਲਤਾ ਦੀ ਕਾਮਨਾ ਕੀਤੀ।