- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਰੀਮ ਕੌਨਵੈਂਟ ਸਕੂਲ ਵਿਖੇ ਵਿਸ਼ੇਸ਼ ਸਭਾ ਕਰਵਾਈ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ
ਭਦੌੜ : ਸੁਪਰੀਮ ਕੌਨਵੈਂਟ ਸਕੂਲ, ਵਿਖੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਵੇਰ ਦੀ ਸਭਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਤੇ ਮਨੁੱਖਤਾ ਦੀ ਭਲਾਈ ਲਈ ਪਾਏ ਅਨਮੋਲ ਯੋਗਦਾਨ ਨੂੰ ਯਾਦ ਕੀਤਾ ਗਿਆ। ਵਿਸ਼ੇਸ਼ ਸਭਾ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਬਾਰੇ ਵਿਚਾਰ ਪੇਸ਼ ਕੀਤੇ ਤੇ ਉਨ੍ਹਾਂ ਵੱਲੋਂ ਦਰਸਾਏ ਨਿਮਰਤਾ, ਸੇਵਾ, ਸਿਮਰਨ, ਦਇਆ ਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨੂੰ ਸਾਂਝਾ ਕੀਤਾ। ਇਸ ਮੌਕੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਰਾਹੀਂ ਵਿਦਿਆਰਥੀਆਂ ਨੂੰ ਚੰਗੇ ਆਚਰਨ ਤੇ ਉੱਚੀਆਂ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਸੰਬੋਧਨ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਤੇ ਸਿੱਖ ਇਤਿਹਾਸ ’ਚ ਪਾਏ ਮਹਾਨ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਜੀ ਦਾ ਸਮੁੱਚਾ ਜੀਵਨ ਨਿਰਸਵਾਰਥ ਸੇਵਾ, ਸਾਦਗੀ, ਨਿਮਰਤਾ ਤੇ ਪਰਮਾਤਮਾ ਪ੍ਰਤੀ ਅਤੁੱਟ ਵਿਸ਼ਵਾਸ ਦੀ ਅਦੁੱਤੀ ਮਿਸਾਲ ਹੈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਮੇਲ ਸਿੰਘ ਕਲਸੀ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ’ਚ ਵੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਆਪਣੇ ਜੀਵਨ ’ਚ ਨਿਮਰਤਾ, ਇਮਾਨਦਾਰੀ, ਸਹਿਣਸ਼ੀਲਤਾ ਤੇ ਨਿਰਸਵਾਰਥ ਸੇਵਾ ਵਰਗੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦਾ ਮੁੱਖ ਉਦੇਸ਼ ਕੇਵਲ ਪੁਸਤਕੀ ਗਿਆਨ ਦੇਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਇਤਿਹਾਸ, ਵਿਰਸੇ ਤੇ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਚੰਗੇ ਇਨਸਾਨ ਬਣਾਉਣਾ ਵੀ ਹੈ। ਸਭਾ ਦੇ ਅਖੀਰ ’ਚ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਚਰਨ ਸਿੰਘ, ਸਕੂਲ ਚੇਅਰਮੈੱਨ ਯੋਗਿੰਦਰ ਪ੍ਰਸਾਦ ਸ਼ਰਮਾ ਨੇ ਸਮੂਹ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਲੋੜਵੰਦਾਂ ਦੀ ਸਹਾਇਤਾ ਕਰਨ, ਸਭ ਦਾ ਸਤਿਕਾਰ ਕਰਨ ਅਤੇ ਸਮਾਜ ’ਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।