- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੁੱਧ ਨਸ਼ਿਆਂ ਵਿਰੁੱਧ: ਹੋਟਸਪੌਟ ਥਾਵਾਂ 'ਤੇ ਵਿਆਪਕ ਸਫ਼ਾਈ ਮੁਹਿੰਮ ਜਾਰੀ: ਡਿਪਟੀ ਕਮਿਸ਼ਨਰ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਨਸ਼ਿਆਂ ਤੋਂ ਵਧੇਰੇ ਪ੍ਰਭਾਵਿਤ ਹੋਟਸਪੌਟ ਦੀ ਸ਼ਨਾਖ਼ਤ ਕਰਨ ਮਗਰੋਂ ਇਨ੍ਹਾਂ ਦੇ ਸੁੰਦਰੀਕਰਨ ਦੀ ਮੁਹਿੰਮ ਜਾਰੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹੇ ’ਚ 10 ਹੋਟਸਪੌਟ ਥਾਵਾਂ ਦੀ ਪਛਾਣ ਕਰਕੇ ਪਿੰਡਾਂ ਤੇ ਸ਼ਹਿਰਾਂ ’ਚ ਦੇ ਇਨ੍ਹਾਂ ਇਲਾਕਿਆਂ ਵਿਚ ਨਸ਼ਿਆਂ ਦੇ ਖਾਤਮੇ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿੱਥੇ ਇਨ੍ਹਾਂ ਥਾਵਾਂ ਉਤੇ ਬਰਨਾਲਾ ਪੁਲਿਸ ਵਲੋਂ ਗਸ਼ਤ ਵਧਾ ਦਿੱਤੀ ਗਈ ਹੈ ਓਥੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਇਨ੍ਹਾਂ ਥਾਵਾਂ ਦਾ ਦੌਰਾ ਕਰਕੇ ਸਫ਼ਾਈ ਕਰਵਾਈ ਜਾ ਰਹੀ ਹੈ। ਜਿੱਥੇ ਚਾਰਦੀਵਾਰੀ ਦੀ ਲੋੜ ਹੈ ਉਥੇ ਚਾਰਦੀਵਾਰੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਤੇ ਲੋੜ ਅਨੁਸਾਰ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ।
ਇਸ ਦੌਰਾਨ ਐੱਸਡੀਐਮ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਟੀਮ ਵਲੋਂ ਮਹਿਲ ਖੁਰਦ ਦੇ ਸ਼ਮਸ਼ਾਨਘਾਟ, ਵਜੀਦਕੇ ਖੁਰਦ ਦੇ ਸ਼ਮਸ਼ਾਨਘਾਟ, ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਖੇਡ ਮੈਦਾਨ ਸਮੇਤ ਹੋਰ ਥਾਵਾਂ ਉੱਤੇ ਸਫਾਈ ਮੁਹਿੰਮ ਵਿੱਢੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਸੁੰਨੀਆਂ ਥਾਵਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਥਾਵਾਂ ਦੀ ਵਰਤੋਂ ਨਸ਼ਾ ਕਰਨ ਵਾਲਿਆਂ ਵਲੋਂ ਨਾ ਕੀਤੀ ਜਾ ਸਕੇ।