- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Sunday Special : ਸੰਘੇੜੇ ’ਚ 150 ਤੋਂ ਵੱਧ ਘਰ ਹੋਏ ਬੇਘਰ

-- ਕੋਈ ਧਰਮਸ਼ਾਲਾ ਤੇ ਕੋਈ ਕਿਰਾਏ ’ਤੇ ਰਹਿਣ ਲਈ ਮਜਬੂਰ
-- ਭਾਜਪਾ ਦੇ ਕੈਂਪ ’ਚ ਲੋਕਾਂ ਨੇ ਰੋਇਆ ਦੁੱਖੜਾ : ਪ੍ਰਧਾਨ ਨੀਟਾ
-- ਸੰਘੇੜੇ ’ਚ ਸਿਰ ਲੁਕਾਉਣ ਨੂੰ ਤਰਸੇ ਲੋਕ : ਵਿਧਾਇਕ ਕਾਲਾ ਢਿੱਲੋ
-- ਪੱਕੇ ਘਰਾਂ ਦੀ ਕਿਸ਼ਤ ਲਈ ਦਰ-ਦਰ ਰੁਲ ਰਹੇ ਨੇ ਗਰੀਬ : ਕੁਲਵੰਤ ਕੀਤੂ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਨੇੜਲੇ ਪਿੰਡ ਸੰਘੇੜਾ ’ਚ ਕੱਚੇ ਕੋਠੇ ਪੱਕੇ ਬਣਾਉਣ ਖ਼ਾਤਰ ਸਰਕਾਰੀ ਮਦਦ ਦੀ ਰਾਝ ਤੱਕ ਰਹੇ 150 ਤੋਂ ਵੱਧ ਗਰੀਬ ਪਰਿਵਾਰਾਂ ਦੀਆਂ ਦੁੱਖ-ਤਕਲੀਫ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦਿਆਂ ਲੋਕਾਂ ਨੇ ਦੱਸਿਆ ਕਿ ਸਾਲ 2024 ਤੇ ਜਨਵਰੀ 2026 ’ਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕਈ ਲੋੜਵੰਦਾਂ ਨੂੰ ਸਰਕਾਰੀ ਕਾਗਜ਼ ਯਾਨੀ ਕਿ ਪ੍ਰਮਾਣ ਪੱਤਰ ਵੰਡੇ ਗਏ ਸਨ। ਉਦੋਂ ਇਹ ਭਰੋਸਾ ਦਵਾਇਆ ਗਿਆ ਸੀ ਕਿ ਮਕਾਨ ਬਣਾਉਣ ਲਈ ਪੈਸੇ ਕਿਸ਼ਤਾਂ ’ਚ ਸਿੱਧੇ ਬੈਂਕ ਖਾਤਿਆਂ ’ਚ ਆ ਜਾਣਗੇ। ਏਸੇ ਆਸ ’ਤੇ ਕਈ ਪਰਿਵਾਰਾਂ ਨੇ ਆਪਣੇ ਪੁਰਾਣੇ ਕੱਚੇ ਕੋਠੇ ਢਾਹ ਛੱਡੇ, ਪਰ ਪਹਿਲੀ ਕਿਸ਼ਤ ਤੋਂ ਬਾਅਦ ਅਗਲੇ ਪੈਸੇ ਨਾ ਮਿਲਣ ਕਰਕੇ ਹੁਣ ਉਹ ਡਾਢੇ ਔਖੇ ਹੋ ਰਹੇ ਹਨ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਘਰ-ਘਾਟ ਢਾਹੁਣ ਮਗਰੋਂ ਹੁਣ ਉਨ੍ਹਾਂ ਕੋਲ ਸਿਰ ਲੁਕਾਉਣ ਲਈ ਕੋਈ ਪੱਕੀ ਥਾਂ ਨਹੀਂ ਬਚੀ। ਕੋਈ ਕਿਰਾਏ ਦੇ ਕਮਰਿਆਂ ’ਚ ਦਿਨ ਕੱਟ ਰਿਹਾ ਹੈ ਤਾਂ ਕੋਈ ਸਾਕ-ਸਬੰਧੀਆਂ ਤੇ ਗੁਆਂਢੀਆਂ ਦੇ ਸਹਾਰੇ ਦਿਨ ਲੰਘਾ ਰਿਹਾ ਹੈ। ਕਈਆਂ ਨੂੰ ਤਾਂ ਪਿੰਡ ਦੀ ਧਰਮਸ਼ਾਲਾ ’ਚ ਬੈਠਣਾ ਪਿਆ ਹੈ। ਨਵੇਂ ਘਰ ਦੀ ਆਸ ’ਚ ਪੁਰਾਣੇ ਆਸ਼ਿਆਨੇ ਢਾਹ ਕੇ ਬੈਠੇ ਇਹ ਲੋਕ ਹੁਣ ਮੁੜ ਪੈਸੇ ਮਿਲਣ ਦੀ ਰਾਹ ਤੱਕ ਰਹੇ ਹਨ।
ਏਸੇ ਬਾਰੇ ਦੁੱਖ ਰੋਂਦਿਆਂ ਪਿੰਡ ਦੀ ਪਾਲ ਕੌਰ, ਗੁਰਮੇਲ ਕੌਰ, ਰਾਣੋ ਦੇਵੀ, ਸ਼ੀਲਾ ਦੇਵੀ, ਹਰਜੋਤ ਸਿੰਘ ਤੇ ਗੁਰਖਿਆਰ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਅਗਲੀਆਂ ਕਿਸ਼ਤਾਂ ਅਟਕੀਆਂ ਹੋਣ ਕਰਕੇ ਉਨ੍ਹਾਂ ਦੀ ਮੁਸੀਬਤ ਵਧਦੀ ਜਾ ਰਹੀ ਹੈ। ਅਧੂਰੇ ਪਏ ਘਰਾਂ ਤੇ ਰਹਿਣ ਲਈ ਢੁੱਕਵੀਂ ਥਾਂ ਨਾ ਹੋਣ ਕਰਕੇ ਸਾਰਾ ਪਰਿਵਾਰ ਰੁਲਣ ਲਈ ਮਜਬੂਰ ਹੈ।
ਤੰਗੀ-ਤੁਰਸ਼ੀ ਨਾਲ ਜੂਝਦੇ ਕੁਝ ਪਰਿਵਾਰਾਂ ਨੇ ਤਾਂ ਮਕਾਨ ਬਣਾਉਣ ਤੇ ਘਰ ਦੇ ਖਰਚੇ ਤੋਰਨ ਲਈ ਦੋ-ਦੋ, ਤਿੰਨ-ਤਿੰਨ ਲੱਖ ਰੁਪਏ ਤੱਕ ਕਰਜ਼ਾ ਵੀ ਚੁੱਕ ਲਿਆ ਹੈ। ਹੁਣ ਉਨ੍ਹਾਂ ਲਈ ਕਰਜ਼ੇ ਦਾ ਵਿਆਜ ਮੋੜਨਾ ਵੀ ਪਹਾੜ ਜੇਡਾ ਔਖਾ ਹੋ ਗਿਆ ਹੈ। ਪਿੰਡ ਵਾਸੀਆਂ ਮੁਤਾਬਕ ਦਿਹਾੜੀ-ਦੱਪਾ ਕਰਕੇ ਮਹੀਨੇ ਦੇ 12 ਤੋਂ 15 ਹਜ਼ਾਰ ਕਮਾਉਣ ਵਾਲੇ ਬੰਦੇ ਲਈ 5 ਤੋਂ 7 ਹਜ਼ਾਰ ਰੁਪਏ ਤਾਂ ਇਕੱਲਾ ਵਿਆਜ ਭਰਨਾ ਵੀ ਅਸੰਭਵ ਹੈ। ਅਜਿਹੇ ਹਾਲਾਤ ’ਚ ਟੱਬਰ ਦਾ ਢਿੱਡ ਭਰਨਾ ਵੀ ਮੁਸ਼ਕਲ ਹੋਇਆ ਪਿਆ ਹੈ।
ਲੋਕਾਂ ਨੇ ਆਖਿਆ ਕਿ ਇਹ ਬਿਪਤਾ ਕਿਸੇ ਇੱਕ-ਦੋ ਘਰਾਂ ਦੀ ਨਹੀਂ, ਸਗੋਂ ਇਕੱਲੇ ਸੰਘੇੜੇ ਪਿੰਡ ਦੇ ਕਰੀਬ 150 ਤੋਂ ਵੱਧ ਪਰਿਵਾਰ ਇਸ ਭਾਨੇ-ਮਾਰੂ ਸੰਕਟ ’ਚ ਫਸੇ ਹੋਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਰੁਕੀਆਂ ਹੋਈਆਂ ਕਿਸ਼ਤਾਂ ਤੁਰੰਤ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਧਰਨੇ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
------
ਭਾਜਪਾ ਦੇ ਕੈਂਪ ’ਚ ਲੋਕਾਂ ਨੇ ਰੋਇਆ ਦੁੱਖੜਾ : ਪ੍ਰਧਾਨ ਨੀਟਾ
ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਉਨਾਂ ਦੇ ਅਹੁਦੇਦਾਰ ਕੁਲਦੀਪ ਸਿੰਘ ਦੀ ਅਗਵਾਈ ’ਚ ਭਾਜਪਾ ਵਰਕਰ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਪਿੰਡ ’ਚ ਕੈਂਪ ਲਾਉਣ ਆਏ ਸਨ, ਜਿੱਥੇ ਪੀੜਤ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਦੁੱਖੜਾ ਸੁਣਾਇਆ। ਉਨ੍ਹਾਂ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਲਾਭਪਾਤਰੀਆਂ ਦੇ ਰੁਕੇ ਪੈਸੇ ਤੁਰੰਤ ਦਿੱਤੇ ਜਾਣ ਤਾਂ ਜੋ ਲੋਕ ਆਪਣੇ ਘਰਾਂ ਦੀ ਉਸਾਰੀ ਪੂਰੀ ਕਰਕੇ ਸੁਰੱਖਿਅਤ ਛੱਤ ਹੇਠ ਰਹਿ ਸਕਣ।
------
ਸੰਘੇੜੇ ’ਚ ਸਿਰ ਲੁਕਾਉਣ ਨੂੰ ਤਰਸੇ ਲੋਕ : ਵਿਧਾਇਕ ਕਾਲਾ ਢਿੱਲੋਂ
ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਗਰੀਬਾਂ ਨਾਲ ਸਿੱਧਾ ਧੋਖਾ ਕਰ ਰਹੀ ਹੈ। ਪੱਕੇ ਘਰਾਂ ਦਾ ਲਾਰਾ ਲਾ ਕੇ ਸੈਂਕੜੇ ਲੋਕਾਂ ਦੇ ਕੱਚੇ ਕੋਠੇ ਢਹਾ ਦਿੱਤੇ ਗਏ, ਪਰ ਹੁਣ ਉਨ੍ਹਾਂ ਨੂੰ ਮਾਮੂਲੀ ਜਿਹੀ ਮਦਦ ਲਈ ਵੀ ਦਰ-ਦਰ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਲੋਕ ਆਪਣੀ ਬਣਦੀ ਰਾਸ਼ੀ ਲਈ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ, ਜਦਕਿ ਸਰਕਾਰ ਬੁਨਿਆਦੀ ਸਹੂਲਤਾਂ ਦੇਣ ਤੋਂ ਵੀ ਮੂੰਹ ਫੇਰ ਕੇ ਬੈਠੀ ਹੈ।
ਪਿੰਡ ਸੰਘੇੜਾ ਦੇ ਲੋਕਾਂ ਨੂੰ ਪੱਕੀਆਂ ਛੱਤਾਂ ਦੇਣ ਦਾ ਭਰੋਸਾ ਦੇ ਕੇ ਉਨ੍ਹਾਂ ਦੇ ਕੱਚੇ ਘਰ ਢਹਾ ਦਿੱਤੇ, ਪਰ ਅੱਜ ਉਹ ਆਪਣੇ ਪਰਿਵਾਰਾਂ ਸਮੇਤ ਸਿਰ ਲੁਕਾਉਣ ਲਈ ਸਰਕਾਰ ਦੀ ਰਾਹ ਤੱਕ ਰਹੇ ਹਨ। ਇਸ ਮਾਮਲੇ ’ਚ ਪ੍ਰਸ਼ਾਸਨ ਤੇ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਜੇਕਰ ਗਰੀਬਾਂ ਦੀ ਸੁਣਵਾਈ ਜਲਦੀ ਨਾ ਹੋਈ ਤੇ ਰੁਕੇ ਪੈਸੇ ਜਾਰੀ ਨਾ ਕੀਤੇ ਗਏ, ਤਾਂ ਉਹ ਪੀੜਤ ਲੋਕਾਂ ਦੇ ਹਾਮੀ ਬਣ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣਗੇ ਅਤੇ ਲੋਕਾਂ ਦੀ ਮੱਦਦ ਲਈ ਹਰ ਹੱਦ ਤੱਕ ਜਾਣਗੇ।
-------
ਪੱਕੇ ਘਰਾਂ ਦੀ ਕਿਸ਼ਤ ਲਈ ਦਰ-ਦਰ ਰੁਲ ਰਹੇ ਨੇ ਗਰੀਬ : ਕੁਲਵੰਤ ਕੀਤੂ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਦੱਸਿਆ ਕਿ ਬਰਨਾਲਾ ਨਗਰ ਨਿਗਮ ਦੇ 50 ਵਾਰਡਾਂ ਤੇ ਸੰਘੇੜੇ ਪਿੰਡ ਦੀ ਨਹੀਂ, ਸਗੋਂ ਪੂਰੇ ਬਰਨਾਲਾ ਹਲਕੇ ਦੇ ਸੈਂਕੜੇ ਪਰਿਵਾਰ ਪੱਕੇ ਘਰਾਂ ਦੀ ਦੂਜੀ ਕਿਸ਼ਤ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ। ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਲੋਕਾਂ ਦੇ ਪੱਲੇ ਮਾਮੂਲੀ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਪਾਇਆ ਜਾ ਰਿਹਾ। ਸਰਕਾਰ ਨੇ ਲੋਕਾਂ ਦੇ ਸਿਰਾਂ ਤੋਂ ਕੱਚੇ ਕੋਠੇ ਤਾਂ ਢਹਾ ਦਿੱਤੇ ਤੇ ਉੱਪਰ ਪੱਕੀ ਛੱਤ ਪਵਾਉਣ ਦੇ ਵੱਡੇ-ਵੱਡੇ ਸੁਪਨੇ ਦਿਖਾ ਦਿੱਤੇ, ਪਰ ਅੱਜ ਹਾਲਾਤ ਇਹ ਨੇ ਕਿ ਲੋਕਾਂ ਨੂੰ ਆਪਣਾ ਸਿਰ ਲੁਕਾਉਣ ਲਈ ਜਾਂ ਤਾਂ ਧਰਮਸ਼ਾਲਾਵਾਂ ਦਾ ਆਸਰਾ ਲੈਣਾ ਪੈ ਰਿਹਾ ਹੈ, ਜਾਂ ਕਿਰਾਏ ਦੇ ਕਮਰਿਆਂ ’ਚ ਦਿਨ ਕੱਟਣੇ ਪੈ ਰਹੇ ਹਨ, ਜਾਂ ਫਿਰ ਵਿਆਜ ’ਤੇ ਪੈਸਾ ਫੜ ਕੇ ਆਪਣੀ ਮਾੜੀ-ਮੋਟੀ ਛੱਤ ਤਿਆਰ ਕਰਨੀ ਪੈ ਰਹੀ ਹੈ। ਇਹ ਸਭ ਸਰਕਾਰ ਦੇ ਵੱਡੇ-ਵੱਡੇ ਵਿਕਾਸ ਦੇ ਦਾਅਵਿਆਂ ਤੇ ਲੋਕ-ਭਲਾਈ ਦੀਆਂ ਗੱਲਾਂ ਦੀ ਫੂਕ ਕੱਢਣ ਲਈ ਕਾਫ਼ੀ ਹੈ, ਜੋ ਕਿ ਸਰਕਾਰ ਦੀ ਸਰਾਸਰ ਵੱਡੀ ਨਾਕਾਮੀ ਨੂੰ ਉਜਾਗਰ ਕਰਦਾ ਹੈ।