ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sat, 24 Oct 2026 04:59 PM (IST)
Updated Date: Sat, 24 Oct 2026 05:01 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਗਤ ਨਾਮਦੇਵ ਜੀ ਦਾ 756ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਰਨੈਲ ਸਿੰਘ ਜੱਸਲ, ਪ੍ਰੈੱਸ ਸਕੱਤਰ ਗੁਰਜੰਟ ਸਿੰਘ ਸੋਨਾ, ਕੋਰ ਸਿੰਘ ਉਪਲੀ ਤੇ ਕਲਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਸਮਾਗਮਾਂ ਦੀ ਲੜੀ ਤਹਿਤ 24 ਅਕਤੂਬਰ ਨੂੰ ਸਵੇਰੇ 9:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਜਥੇਦਾਰ ਪਰਮਜੀਤ ਸਿੰਘ ਖਾਲਸਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਵਾਈ। ਨਗਰ ਕੀਰਤਨ ਦੌਰਾਨ ਬੀਬੀ ਚਮਨਪ੍ਰੀਤ ਕੌਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਨ੍ਹਾਂ ’ਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਮਤਿ ਵਿਦਿਆਲਿਆ ਬਰਨਾਲਾ, ਭਗਤ ਨਾਮਦੇਵ ਪਬਲਿਕ ਸਕੂਲ, ਬਾਬਾ ਆਲਾ ਸਿੰਘ ਪਬਲਿਕ ਸਕੂਲ, ਸ਼ਿਸ਼ੂ ਮਾਡਲ ਸਕੂਲ ਤੇ ਐੱਨਐੱਮਐੱਸਡੀ ਸਕੂਲ ਦੇ ਵਿਦਿਆਰਥੀ ਸ਼ਾਮਲ ਸਨ। ਨਗਰ ਕੀਰਤਨ ਦੌਰਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਬਰਨਾਲਾ ਤੇ ਸੇਵਾਦਾਰ ਕਲੱਬ ਰਾਏਸਰ ਵੱਲੋਂ ਜਲ ਦੀ ਸੇਵਾ ਤੇ ਸਫ਼ਾਈ ਦੇ ਪ੍ਰਬੰਧ ਕੀਤੇ ਗਏ। ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਵੱਲੋਂ ਚਾਹ, ਪਕੌੜਿਆਂ ਤੇ ਫਲਾਂ ਦੇ ਲੰਗਰ ਲਗਾ ਕੇ ਸ਼ਰਧਾ ਪ੍ਰਗਟਾਈ ਗਈ। 25 ਅਕਤੂਬਰ ਨੂੰ ਸਜਣਗੇ ਧਾਰਮਿਕ ਦੀਵਾਨ ਪ੍ਰਬੰਧਕਾਂ ਨੇ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਕੀਰਤਨ ਤੇ ਕਥਾ ਦੇ ਦੀਵਾਨ ਸਜਾਏ ਜਾਣਗੇ। ਇਨ੍ਹਾਂ ’ਚ ਬੀਬੀ ਚਮਨਪ੍ਰੀਤ ਕੌਰ ਲੌਂਗੋਵਾਲ ਦਾ ਢਾਡੀ ਜੱਥਾ, ਭਾਈ ਕਲਵੰਤ ਸਿੰਘ ਕਥਾਵਾਚਕ, ਭਾਈ ਹਰਵਿੰਦਰ ਸਿੰਘ ਦਾ ਰਾਗੀ ਜਥਾ ਤੇ ਜਸਕੀਰਤ ਸਿੰਘ ਦਾ ਰਾਗੀ ਜਥਾ ਗੁਰਬਾਣੀ ਕੀਰਤਨ ਤੇ ਧਾਰਮਿਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਦਿਨ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਥਾਵਾਚਕ ਭਾਈ ਗੁਰਜੰਟ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਮਨਜਿੰਦਰ ਸਿੰਘ ਤੇ ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਗੁਰਬਾਣੀ ਕੀਰਤਨ ਤੇ ਧਾਰਮਿਕ ਪ੍ਰੋਗਰਾਮਾਂ ਰਾਹੀਂ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੋੜਨਗੇ। ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਕੇ ਗੁਰਮਤਿ ਸਮਾਗਮਾਂ ’ਚ ਸ਼ਮੂਲੀਅਤ ਕਰਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ, ਨਿਰਮਲ ਸਿੰਘ ਰਾਜੀਆ, ਗੁਰਜਿੰਦਰ ਸਿੰਘ ਸਿੱਧੂ, ਡਾ. ਅਮਨਦੀਪ ਸਿੰਘ, ਕਰਮ ਸਿੰਘ ਭੰਡਾਰੀ, ਕੇਵਲ ਸਿੰਘ ਵੀਨਸ, ਕੋਰ ਸਿੰਘ ਉਪਲੀ, ਸੁਖਦੇਵ ਸਿੰਘ ਸਾਗੂ, ਅਰਜਨ ਸਿੰਘ ਬਿੱਟੂ, ਹਰਦੇਵ ਸਿੰਘ ਲੀਲਾ, ਯਾਦਵਿੰਦਰ ਸਿੰਘ ਟੋਨੀ, ਰਾਜਿੰਦਰ ਸਿੰਘ ਬਾਬਰ, ਭੁਪਿੰਦਰ ਸਿੰਘ ਬੇਦੀ, ਪਰਮਜੀਤ ਸਿੰਘ ਪੱਪੂ, ਜਗਸੀਰ ਸਿੰਘ ਸੀਰਾ, ਪਰਮਿੰਦਰ ਸਿੰਘ, ਸਰੂਪ ਸਿੰਘ, ਡਾ. ਧਰਮਿੰਦਰ ਸਿੰਘ ਬਿੱਟੂ, ਜਰਨੈਲ ਸਿੰਘ ਭੋਤਨਾ, ਅਮਰੀਕ ਸਿੰਘ ਬਾਬਾ, ਅਜੈਬ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਨਿਰਮਲ ਸਿੰਘ ਰੋਲੇ, ਭਾਈ ਚਰਨਜੀਤ ਸਿੰਘ, ਰਮਨਦੀਪ ਸਿੰਘ, ਮਨਜੋਤ ਸਿੰਘ, ਅਰਮਿੰਦਰ ਸਿੰਘ, ਗੁਰਮੀਤ ਸਿੰਘ ਮੱਖਣ ਸਮੇਤ ਵੱਡੀ ਗਿਣਤੀ ’ਚ ਮੈਂਬਰ ਤੇ ਸੰਗਤਾਂ ਹਾਜ਼ਰ ਸਨ।