- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Sunday Special Story : ਹੰਡਿਆਏ 'ਚ ਪੀਣ ਆਲੇ ਪਾਣੀ ਦੇ ਪਲਾਂਟ ਨੂੰ ਲੈ ਕੇ ਛਿੜਿਆ ਰੌਲਾ

-- 17.5 ਏਕੜ ਜਗ੍ਹਾ ਨੂੰ ਲੈ ਕੇ ਲੋਕਾਂ ਨੇ ਚੁੱਕੇ ਸਵਾਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਹੰਡਿਆਏ ਨਗਰ ਪੰਚਾਇਤ 'ਚ ਅੰਮ੍ਰਿਤ 2.0 ਸਕੀਮ ਤਹਿਤ ਲੱਗਣ ਆਲੇ ਵਾਟਰ ਟਰੀਟਮੈਂਟ ਪਲਾਂਟ ਦਾ ਮੁੱਦਾ ਹੁਣ ਚੰਗਾ ਗਰਮਾ ਗਿਆ ਹੈ। ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਰਨਾਲਾ ਵੱਲੋਂ ਭੇਜੀ ਚਿੱਠੀ ਮੁਤਾਬਕ ਇਹ ਪਲਾਂਟ ਨਗਰ ਪੰਚਾਇਤ ਹੰਡਿਆਇਆ ਦੀ ਜ਼ਮੀਨ ’ਚ ਲਾਇਆ ਜਾਣਾ ਹੈ, ਪਰ ਅਲਾਟ ਕੀਤੀ ਥਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੌਂਸਲਰ ਕੁਲਦੀਪ ਸਿੰਘ ਤਾਜਪੁਰੀਆ ਨੇ ਦੱਸਿਆ ਕਿ ਸੀਵਰੇਜ ਬੋਰਡ ਬਰਨਾਲਾ ਦੇ ਐਕਸੀਅਨ ਵੱਲੋਂ 8 ਅਕਤੂਬਰ 2026 ਨੂੰ ਭੇਜੀ ਚਿੱਠੀ ਨੰਬਰ 2473 ਅਨੁਸਾਰ, ਹੰਡਿਆਏ ਦੀ ਵਾਰਡ ਨੰਬਰ ਅੱਠ ’ਚ ਪੈਂਦੀ ਬੀੜ ਆਲੀ ਜ਼ਮੀਨ ’ਚ ਇਹ ਸਾਂਝਾ ਪਲਾਂਟ ਲੱਗਣਾ ਹੈ। ਇਹ ਪਲਾਂਟ ਇਕੱਲੇ ਹੰਡਿਆਏ ਲਈ ਨਹੀਂ, ਸਗੋਂ ਬਰਨਾਲਾ ਨਗਰ ਨਿਗਮ, ਧਨੌਲਾ ਤੇ ਤਪਾ ਨਗਰ ਕੌਂਸਲਾਂ ਲਈ ਵੀ ਸਾਂਝਾ ਹੋਵੇਗਾ। ਇਸ ਸਾਰੇ ਪ੍ਰੋਜੈਕਟ ਲਈ ਕੁੱਲ 17.50 ਏਕੜ ਥਾਂ ਦੀ ਲੋੜ ਏ।
ਉਨ੍ਹਾਂ ਦੱਸਿਆ ਕਿ ਅੰਮ੍ਰਿਤ 2.0 ਸਕੀਮ ਹੇਠ ਬਣਨ ਆਲੇ ਇਸ ਪਲਾਂਟ ਨਾਲ ਲੋਕਾਂ ਨੂੰ ਧਰਤੀ ਹੇਠਲੇ ਪਾਣੀ ਦੀ ਥਾਂ ਹਰੀਗੜ੍ਹ ਨਹਿਰ ’ਚੋਂ ਸੂਏ ਰਾਹੀਂ ਨਹਿਰੀ ਪਾਣੀ ਸਾਫ਼ ਕਰਕੇ ਪੀਣ ਲਈ ਦਿੱਤਾ ਜਾਣਾ ਏ। ਜ਼ਮੀਨ ਦੀ ਵੰਡ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਹੰਡਿਆਏ ਲਈ 3 ਏਕੜ, ਤਪੇ ਲਈ 3 ਏਕੜ, ਧਨੌਲੇ ਲਈ 2.5 ਏਕੜ ਤੇ ਬਰਨਾਲੇ ਲਈ 9 ਏਕੜ ਜ਼ਮੀਨ ਦੀ ਲੋੜ ਏ, ਜਿਸ ਨਾਲ ਕੁੱਲ 17.50 ਏਕੜ ਦੀ ਸ਼ਰਤ ਪੂਰੀ ਹੁੰਦੀ ਏ।
-- ਹੰਡਿਆਇਆ ਦੇ ਲੋਕਾਂ ਦੀ ਚਿੰਤਾ ਤੇ ਮੰਗ
ਕੌਂਸਲਰ ਤਾਜਪੁਰੀਆ ਮੁਤਾਬਕ ਹੰਡਿਆਏ ਦੇ ਕੁਝ ਲੋਕ ਮੌਜੂਦਾ ਤੈਅ ਕੀਤੀ ਥਾਂ ’ਤੇ ਪਲਾਂਟ ਲਾਉਣ ਦੇ ਹੱਕ ’ਚ ਨਹੀਂ ਹਨ। ਲੋਕਾਂ ਦਾ ਕਹਿਣਾ ਏ ਕਿ ਜੇ ਇੱਥੇ ਪਲਾਂਟ ਲੱਗਦਾ ਏ ਤਾਂ ਪਾਈਪਾਂ ਪਾਉਣ ਲਈ ਵੱਡੇ ਪੱਧਰ ’ਤੇ ਪੁੱਟ-ਪੁੱਟਾਈ ਹੋਵੇਗੀ, ਜਿਸ ਨਾਲ ਆਮ ਜਨਤਾ ਨੂੰ ਲੰਮੇ ਸਮੇਂ ਲਈ ਭਾਰੀ ਪਰੇਸ਼ਾਨੀ ਝੱਲਣੀ ਪਵੇਗੀ।
ਲੋਕਾਂ ਦੀ ਮੰਗ ਏ ਕਿ ਪ੍ਰਸ਼ਾਸਨ ਇਸ ਪ੍ਰੋਜੈਕਟ ਨੂੰ ਕਿਸੇ ਅਜਿਹੀ ਢੁਕਵੀਂ ਥਾਂ 'ਤੇ ਲਾਵੇ ਜਿੱਥੇ ਪਾਈਪਾਂ ਵਿਛਾਉਣ ਵੇਲੇ ਆਵਾਜਾਈ ਜਾਂ ਘਰਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਬੇਲੋੜੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।