- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰੀਆਭੱਟ ਕਾਲਜ ’ਚ ਸ਼ੇਕਸਪੀਅਰ ਦੇ ਨਾਟਕ ‘ਕਿੰਗ ਲੀਅਰ’ ਦੀ ਸ਼ਾਨਦਾਰ ਨਾਟਕੀ ਪੇਸ਼ਕਾਰੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟ ਕਾਲਜ, ਬਰਨਾਲਾ ਦੇ ਆਰਟਸ ਐਂਡ ਹਿਊਮੈਨਿਟੀਜ਼ ਵਿਭਾਗ ਵੱਲੋਂ ਵਿਲੀਅਮ ਸ਼ੇਕਸਪੀਅਰ ਦੇ ਪ੍ਰਸਿੱਧ ਦੁਖਾਂਤ ਨਾਟਕ ‘ਕਿੰਗ ਲੀਅਰ’ ’ਤੇ ਆਧਾਰਿਤ ਸਾਹਿਤਕ ਗਤੀਵਿਧੀ ਕਰਵਾਈ ਗਈ। ਬੀ.ਏ. ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਨਾਟਕ ਦੇ ਪਾਤਰਾਂ, ਭਾਵਨਾਵਾਂ ਤੇ ਟਕਰਾਵਾਂ ਨੂੰ ਮੰਚ ’ਤੇ ਪੇਸ਼ ਕੀਤਾ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅਮਲੀ ਅਭਿਨੈ ਰਾਹੀਂ ਸ਼ੇਕਸਪੀਅਰ ਦੇ ਨਾਟਕ ਨਾਲ ਜਾਣੂ ਕਰਵਾਉਣਾ ਤੇ ਪਾਤਰ-ਚਿਤਰਣ, ਸੰਵਾਦ ਅਦਾਇਗੀ, ਮੰਚ-ਪੇਸ਼ਕਾਰੀ ਤੇ ਨਾਟਕ ਦੇ ਮੁੱਖ ਵਿਸ਼ਿਆਂ ਬਾਰੇ ਉਨ੍ਹਾਂ ਦੀ ਸਮਝ ਨੂੰ ਮਜ਼ਬੂਤ ਕਰਨਾ ਸੀ। ਇਸ ਨਾਲ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਰਚਨਾਤਮਕਤਾ ਤੇ ਸੰਚਾਰ-ਕੌਸ਼ਲ ਨੂੰ ਵੀ ਉਤਸ਼ਾਹ ਮਿਲਿਆ। ਵਿਦਿਆਰਥੀਆਂ ਨੇ ਕਿੰਗ ਲੀਅਰ, ਗੋਨਰਿਲ, ਰੀਗਨ, ਕੈਂਟ ਤੇ ਫਰਾਂਸ ਦੇ ਰਾਜੇ ਵਰਗੇ ਮਹੱਤਵਪੂਰਨ ਪਾਤਰ ਨਿਭਾਏ। ਰਾਜੇ ਵੱਲੋਂ ਆਪਣਾ ਰਾਜ ਵੰਡਣ ਵਾਲੇ ਦ੍ਰਿਸ਼ਾਂ ਰਾਹੀਂ ਹੰਕਾਰ, ਗਲਤ ਭਰੋਸੇ ਤੇ ਸੱਚੇ ਪਿਆਰ ਤੇ ਝੂਠੀ ਚਾਪਲੂਸੀ ਵਿਚਲੇ ਅੰਤਰ ਨੂੰ ਦਰਸਾਇਆ ਗਿਆ। ਗੋਨਰਿਲ ਤੇ ਰੀਗਨ ਦੇ ਪਾਤਰਾਂ ਨੇ ਲਾਲਚ, ਧੋਖੇ ਤੇ ਸੱਤਾ ਦੀ ਦੁਰਵਰਤੋਂ ਦੇ ਨੁਕਸਾਨਾਂ ਨੂੰ ਉਜਾਗਰ ਕੀਤਾ, ਜਦਕਿ ਕੈਂਟ ਨੇ ਵਫ਼ਾਦਾਰੀ, ਸੱਚਾਈ ਤੇ ਹਿੰਮਤ ਦੀ ਮਿਸਾਲ ਪੇਸ਼ ਕੀਤੀ। ਫਰਾਂਸ ਦੇ ਰਾਜੇ ਦੇ ਪਾਤਰ ਨੇ ਕੋਰਡੇਲੀਆ ਪ੍ਰਤੀ ਸੱਚੇ ਸਨੇਹ ਤੇ ਇਮਾਨਦਾਰੀ ਨੂੰ ਦਰਸਾਇਆ।