- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਤਪਾ ਵਿਖੇ ਮਨ ਮਰਜੀਆਂ ਕਰਨ ਖਿਲਾਫ ਕੌਂਸਲਰਾਂ ’ਚ ਰੋਸ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਨਗਰ ਕੌਂਸਲ ਤਪਾ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ, 15 ਮੈਂਬਰੀ ਨਗਰ ਕੌਂਸਲ ’ਚ ਸਮੂਹ ਕੌਂਸਲਰਾਂ ਨੇ ਇੱਕ ਮਤ ਹੋ ਕੇ ਆਮ ਆਦਮੀ ਪਾਰਟੀ ਦੇ ਬਲਜੀਤ ਸਿੰਘ ਬਾਸੀ ਨੂੰ ਪ੍ਰਧਾਨ ਚੁਣਿਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਕੌਂਸਲਰਾਂ ’ਚ ਨਗਰ ਕੌਂਸਲ ਦੇ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਵੱਲੋਂ ਕੀਤੀਆਂ ਜਾ ਰਹੀਆਂ ਮਨ ਮਰਜ਼ੀਆਂ ਖ਼ਿਲਾਫ਼ ਬੇਭਰੋਸਗੀ ਪੈਦਾ ਹੋ ਗਈ ਹੈ। ਕੌਂਸਲਰਾਂ ਵੱਲੋਂ ਤਕਰੀਬਨ ਇਕ ਮਹੀਨਾ ਪਹਿਲਾਂ ਕਾਰਜ ਸਾਧਕ ਅਫਸਰ ਉੱਪਰ ਭਰਿਸ਼ਟਾਚਾਰ ਤੇ ਕੌਂਸਲਰਾਂ ਨੂੰ ਮਾੜੇ ਸ਼ਬਦ ਬੋਲਣ ਦਾ ਦੋਸ਼ ਲਗਾ ਕੇ ਉਸਦੀ ਬਦਲੀ ਕਰਨ ਲਈ ਉੱਚ ਅਧਿਕਾਰੀਆਂ ਨੂੰ ਸਮੂਹ ਕੌਂਸਲਰਾਂ ਵੱਲੋਂ ਚਿੱਠੀ ਪੱਤਰ ਦਿੱਤੇ ਗਏ ਸਨ। ਜਿਸ ਦੇ ਚੱਲਦਿਆਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕੌਂਸਲਰਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਜਲਦ ਹੀ ਕਾਰਜ ਸਾਧਕ ਅਫਸਰ ਦੀ ਬਦਲੀ ਕਰ ਦਿੱਤੀ ਜਾਵੇਗੀ ਪਰ ਦਿੱਤੀ ਸਮਾਂ ਸੀਮਾ ’ਚ ਬਦਲੀ ਨਾ ਹੋਣ ਕਾਰਨ ਅੱਜ ਫੇਰ ਕੌਂਸਲਰਾਂ ਨੇ ਅੱਡਾ ਵਸੂਲੀ ਦੀ ਫੀਸ ’ਚ ਹੋਏ ਘਪਲੇ ਨੂੰ ਲੈ ਕੇ ਨਗਰ ਕੌਂਸਲ ਦੇ ਵਿਹੜੇ ’ਚ 13 ਕੌਂਸਲਰ ਧਰਨੇ ਉੱਪਰ ਬੈਠ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ’ਚ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਮਨਮਰਜ਼ੀਆਂ ਕਰ ਰਹੇ ਹਨ ਤੇ ਚੁਣੇ ਹੋਏ ਕੌਂਸਲਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਤੇ ਕਾਰਜ ਸਾਧਕ ਅਫਸਰ ਸਮੂਹ ਕੌਂਸਲਰਾਂ ਨੂੰ ਅਣਗੌਲਿਆਂ ਕਰਕੇ ਆਪਣੀ ਮਰਜ਼ੀ ਨਾਲ ਕੰਮਕਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਏਜੰਡੇ ਤੋਂ ਬਾਹਰ ਜਾ ਕੇ ਇੱਕ ਮਤਾ ਇੱਕ ਨਿੱਜੀ ਕਾਲੋਨੀ ਨੂੰ ਐਨਓਸੀ ਜਾਰੀ ਕੀਤੇ ਗਏ ਸਨ। ਜਿਸ ’ਚ ਵੱਡੀ ਪੱਧਰ ਉੱਪਰ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਸਮੂਹ ਕੌਂਸਲਰਾਂ ਨੇ ਕਿਹਾ ਕਿ ਜਦੋਂ ਤੱਕ ਕਾਰਜ ਸਾਧਕ ਅਫਸਰ ਦੀ ਬਦਲੀ ਨਹੀਂ ਹੁੰਦੀ ਤਾਂ ਉਹ ਉਦੋਂ ਤਕ ਕਾਰਜ ਸਾਧਕ ਅਫਸਰ ਨਾਲ ਕੋਈ ਵੀ ਮੀਟਿੰਗ ਜਾਂ ਕੰਮ ਕਾਰ ਨਹੀਂ ਕਰਨਗੇ। ਜਿਸ ਦੇ ਚੱਲਦਿਆਂ ਸਾਰੇ ਸ਼ਹਿਰ ਦੇ ਵਿਕਾਸ ਕਾਰਜਾਂ ਉੱਪਰ ਬੁਰਾ ਪ੍ਰਭਾਵ ਪੈ ਰਿਹਾ ਹੈ।
------
ਕੀ ਕਹਿਣਾ ਹੈ ਸਮੂਹ ਕੌਂਸਲਰਾਂ ਦਾ:
ਤਪਾ ਦੇ ਚੁਣੇ ਹੋਏ ਸਮੂਹ ਕੌਂਸਲਰਾਂ ਦਾ ਕਹਿਣਾ ਹੈ ਕਿ ਕਾਰਜ ਸਾਧਕ ਅਫਸਰ ਕੋਲ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਕਮੇਟੀਆਂ ਦਾ ਚਾਰਜ ਹੈ ਜਦ ਕਿ ਉਹ ਤਨਖਾਹ ਨਗਰ ਕੌਂਸਲ ਤਪਾ ਵਿੱਚੋਂ ਲੈਂਦੇ ਹਨ ਤੇ ਨਗਰ ਕੌਂਸਲ ਨੂੰ ਭਰਿਸ਼ਟਾਚਾਰ ਦਾ ਅੱਡਾ ਬਣਾ ਦਿੱਤਾ ਹੈ ਹੈ। ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸਮੂਹ ਕੌਂਸਲਰਾਂ ਨੇ ਇੱਕ ਮਹੱਤਵਪੂਰਨ ਸਵਾਲ ਇਹ ਵੀ ਉਠਾਇਆ ਕਿ ਆਖਰ ਹਰਪ੍ਰੀਤ ਸਿੰਘ ਕਾਰਜ ਸਾਧਕ ਅਫਸਰ ਇਨਾ ਜ਼ਰੂਰੀ ਕਿਉਂ ਹੈ ਕਿ ਜ਼ਿਲ੍ਹਾ ਬਰਨਾਲਾ ਜਾਂ ਪੰਜਾਬ ਵਿੱਚ ਕੋਈ ਹੋਰ ਯੋਗ ਅਫਸਰ ਨਹੀਂ ਹੈ।
----
ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਦੀ ਖੁੱਲ੍ਹੀ ਪੋਲ
ਭਰਿਸ਼ਟਾਚਾਰ ਦੇ ਦੋਸ਼ਾਂ ਤੇ ਮਾੜੀ ਸ਼ਬਦਾਵਲੀ ਤੇ ਅੱਡਾ ਵਸੂਲੀ ਫੀਸ ’ਚ ਹੋਏ ਘਪਲੇ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹਰ ਕੰਮ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰ ਰਹੇ ਹਨ ਇੱਕ ਦੋ ਕੌਂਸਲਰ ਸਿਆਸਤ ਨੂੰ ਮੁੱਖ ਰੱਖ ਕੇ ਮਾਹੌਲ ਖਰਾਬ ਕਰ ਰਹੇ ਹਨ ਤੇ ਕਾਰਜ ਸਾਧਕ ਅਫਸਰ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਮੁੱਦਾ ਦੱਸ ਕੇ ਇਸ ਉੱਪਰ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਜਦੋਂ ਨਗਰ ਕੌਂਸਲ ਦੇ ਬੇੜੇ ’ਚ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਛੱਡ ਕੇ 13 ਕੌਂਸਲਰ ਇਕੱਠੇ ਹੋ ਕੇ ਕਾਰਜ ਸਾਧਕ ਅਫਸਰ ਦੇ ਖ਼ਿਲਾਫ਼ ਧਰਨੇ ਉੱਪਰ ਬੈਠ ਗਏ ਤਾਂ ਕਾਰਜ ਸਾਧਕ ਅਫਸਰ ਨੂੰ ਇਸ ਸਵਾਲ ਦੇ ਜਵਾਬ ’ਚ ਕੋਈ ਉੱਤਰ ਨਹੀਂ ਸੁੱਝਿਆ।
---
29 ਤਕ ਬਦਲੀ ਨਾ ਹੋਈ ਕੌਂਸਲਰ ਬੈਠਣਗੇ ਧਰਨੇ ’ਤੇ
ਨਗਰ ਕੌਂਸਲ ਦੇ ਪ੍ਰਧਾਨ ਨੇ ਕੌਂਸਲ ਦੇ ਵਿਹੜੇ ’ਚ ਬੈਠੇ ਸਮੂਹ ਕੌਂਸਲਰਾਂ ਦੇ ਸਾਹਮਣੇ ਕਿਹਾ ਕਿ ਸਾਨੂੰ 29ਤਰੀਕ ਦਾ ਸਮਾਂ ਦੇ ਦਿਓ, ਅਗਰ 29 ਤਰੀਕ ਤੱਕ ਬਦਲੀ ਨਹੀਂ ਹੁੰਦੀ ਤਾਂ ਉਹ ਖੁਦ ਕੌਂਸਲਰਾਂ ਨਾਲ ਧਰਨੇ ਉੱਪਰ ਬੈਠ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕੀ ਇਸ ਪਾਵਰਫੁਲ ਕਾਰਜ ਸਾਧਕ ਅਫਸਰ ਵਿਰੁੱਧ ਸਰਕਾਰ ਕੀ ਐਕਸ਼ਨ ਲੈਂਦੀ ਹੈ।