- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ/ਗੁਰਪੁਰਬ ਮੌਕੇ ਪਟਾਖਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਈਸੰਸ ਜਾਰੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਟਾਕੇ ਵੇਚਣ ਵਾਲੇ ਬਿਨੈਕਾਰਾਂ ਨੂੰ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਗਰੀਨ ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਈਸੰਸ ਜਾਰੀ ਕਰਨ ਲਈ ਅੱਜ ਡਰਾਅ ਕੱਢੇ ਗਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ’ਚ ਐੱਸਡੀਐਮ ਤਪਾ ਆਯੂਸ਼ ਗੋਇਲ ਆਈਏਐੱਸ ਵੱਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਈਸੰਸ ਸਬੰਧੀ ਪਰਚੀ ਕੱਢ ਕੇ ਨਾਵਾਂ ਦਾ ਐਲਾਨ ਕੀਤਾ ਗਿਆ। ਜ਼ਿਲ੍ਹੇ ਭਰ ’ਚ ਕੁੱਲ 131 ਅਰਜ਼ੀਆਂ ਪ੍ਰਾਪਤ ਹੋਈਆਂ ਤੇ ਇਨ੍ਹਾਂ ਦੇ ਡਰਾਅ ਕੱਢੇ ਗਏ।
ਉਨ੍ਹਾਂ ਦੱਸਿਆ ਕਿ ਬਰਨਾਲਾ ਤੋਂ 57, ਮਹਿਲ ਕਲਾਂ ਤੋਂ 69, ਭਦੌੜ ਤੋਂ 5 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ’ਚੋਂ ਪਟਾਖੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਬਰਨਾਲਾ ਤੋਂ 4, ਭਦੌੜ ਤੋਂ 1ਅਤੇ ਮਹਿਲ ਕਲਾਂ ਤੋਂ 1 ਡਰਾਅ ਕੱਢੇ ਗਏ। ਬਾਕੀ ਥਾਵਾਂ ਤੋਂ ਕੋਈ ਵੀ ਅਰਜ਼ੀ ਨਾ ਮਿਲਣ ਕਾਰਣ ਕੋਈ ਡਰਾਅ ਨਹੀਂ ਕੱਢਿਆ ਗਿਆ। ਐੱਸਡੀਐਮ ਨੇ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਛੋਟੇ/ਗਰੀਨ ਪਟਾਕਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਇਨਾਂ ਥਾਵਾਂ ’ਤੇ ਹੀ ਪਟਾਖਿਆਂ ਦੀ ਖਰੀਦ/ਵੇਚ ਕੀਤੀ ਜਾਵੇ।
ਜਾਰੀ ਹੁਕਮਾਂ ਅਨੁਸਾਰ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰੀਨ ਪਟਾਕਿਆਂ ਦੀ ਵੇਚ ਤੇ ਖਰੀਦ ਲਈ ਜ਼ਿਲ੍ਹੇ ਅੰਦਰ ਸਥਾਨ ਨਿਰਧਾਰਤ ਕੀਤੇ ਗਏ ਹਨ। ਬਰਨਾਲਾ ਸ਼ਹਿਰ ਵਿਖੇ 22 ਏਕੜ ਦੇ ਸਾਹਮਣੇ ਪੁਰਾਣਾ ਦੁਸ਼ਹਿਰਾ ਗਰਾਊਂਡ, ਧਨੌਲਾ ਵਿਖੇ ਪੱਕਾ ਬਾਗ ਸਟੇਡੀਅਮ, ਹੰਡਿਆਇਆ ਵਿਖੇ ਦਾਣਾ ਮੰਡੀ ਹੰਡਿਆਇਆ, ਤਪਾ ਵਿਖੇ ਕੱਸੀ ਵਾਲਾ ਗਰਾਊਂਡ, ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਦੇ ਮੰਦਰ ਵਾਲੀ ਜਗ੍ਹਾ ਦੇ ਗਰਾਊਂਡ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ, ਮਹਿਲ ਕਲਾਂ ਵਿਖੇ ਧਨੇਰ-ਛੀਨੀਵਾਲ ਰੋਡ ਚੌਕ ‘ਤੇ ਖਾਲੀ ਪਾਰਕ ਵਾਲੀ ਜਗ੍ਹਾ ਵਿਖੇ ਪਟਾਖੇ ਵੇਚੇ ਤੇ ਖਰੀਦੇ ਜਾ ਸਕਣਗੇ।