- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੀ ਨੇ ਸੰਭਾਲੀ ਪਰਿਵਾਰ ਦੀ ਵਾਂਗਡੋਰ : 4 ਗਾਵਾਂ ਤੋਂ ਸ਼ੁਰੂਆਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੀ 28 ਸਾਲਾ ਧੀ ਅਮਨਦੀਪ ਕੌਰ ਨੇ ਡੇਅਰੀ ਦੇ ਧੰਦੇ ’ਚ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਕੇ ਵੇਲੇ ਦੇ ਹਾਕਮਾਂ ਤੇ ਸਮਾਜ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਮਹਿਜ਼ 4 ਗਊਆਂ ਤੋਂ ਕੰਮ ਦੀ ਸ਼ੁਰੂਆਤ ਕਰਨ ਵਾਲੀ ਅਮਨਦੀਪ ਅੱਜ 50 ਪਸ਼ੂਆਂ ਦੇ ਵੱਗ ਨਾਲ ਇੱਕ ਸਫ਼ਲ ਡੇਅਰੀ ਫਾਰਮ ਚਲਾ ਰਹੀ ਹੈ ਤੇ ਮਹੀਨੇ ਦੇ ਲੱਖਾਂ ਰੁਪਏ ਕਮਾ ਰਹੀ ਹੈ। ਅਮਨਦੀਪ ਕੌਰ ਨੇ ਦੱਸਿਆ ਕਿ ਉਹ ਇੱਕ ਸਾਧਾਰਨ ਗੁਰਬਤ ਵਾਲੇ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਤਿੰਨ ਭੈਣਾਂ 'ਚੋਂ ਸਭ ਤੋਂ ਛੋਟੀ ਹੈ।
--ਪਰਿਵਾਰ ਕੋਲ ਗੁਜ਼ਾਰਾ ਕਰਨ ਲਈ ਸਾਧਨ ਬਹੁਤ ਹੀ ਸੀਮਤ ਸਨ
ਖੇਤੀਬਾੜੀ ਦੇ ਨਾਲ-ਨਾਲ ਪਰਿਵਾਰ ਨੇ ਡੰਗਰ-ਵੱਛਾ ਰੱਖਿਆ ਹੋਇਆ ਸੀ ਤਾਂ ਜੋ ਧੇਲੀ-ਰੁਪਈਆ ਵਾਧੂ ਆ ਸਕੇ। ਪਰ ਜਦੋਂ ਪਰਿਵਾਰ ’ਤੇ ਭਰਾ ਦੇ ਵਿਛੋੜੇ ਦਾ ਭਾਣਾ ਵਰਤ ਗਿਆ, ਤਾਂ ਉਸ ਨੇ ਮਾਪਿਆਂ ਦਾ ਸਹਾਰਾ ਬਣਨ ਦਾ ਸੁਪਨਾ ਲਿਆ ਤੇ ਘਰ-ਬਾਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਚੁੱਕ ਲਈ। ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ (ਗ੍ਰੈਜੂਏਸ਼ਨ) ਕਰ ਚੁੱਕੀ ਅਮਨਦੀਪ ਨੇ ਦੱਸਿਆ ਕਿ ਉਸ ਨੇ 2016 ’ਚ ਸਿਰਫ਼ 4 ਗਾਵਾਂ ਤੋਂ ਇਹ ਕੰਮ ਵਿੱਢਿਆ ਸੀ। ਅੱਜ ਉਸ ਦੇ ਫਾਰਮ ’ਚ ਛੋਟੇ-ਵੱਡੇ ਮਿਲਾ ਕੇ 50 ਦੇ ਕਰੀਬ ਪਸ਼ੂ ਹਨ। ਉਹ ਹਰ ਰੋਜ਼ ਆਪਣੇ ਫਾਰਮ ਤੋਂ 5 ਕੁਇੰਟਲ ਦੇ ਗੇੜ 'ਚ ਦੁੱਧ ਨੈਸਲੇ ਕੰਪਨੀ ਨੂੰ ਵੇਚਦੀ ਹੈ।
--ਸਿਖਲਾਈ ਤੇ ਸਰਕਾਰੀ ਮੱਦਦ ਨਾਲ ਬਦਲੀ ਤਕਦੀਰ
ਕੰਮ ਨੂੰ ਵੈਲ-ਸੈੱਟ ਕਰਨ ਲਈ ਅਮਨਦੀਪ ਨੇ 2023 ’ਚ ਬਰਨਾਲਾ ਡੇਅਰੀ ਵਿਭਾਗ ਦੇ ਸਹਿਯੋਗ ਨਾਲ ਸੰਗਰੂਰ ਤੋਂ ਟ੍ਰੇਨਿੰਗ ਹਾਸਲ ਕੀਤੀ। ਅਮਨਦੀਪ ਨੇ ਦੱਸਿਆ, ਟ੍ਰੇਨਿੰਗ ਦੌਰਾਨ ਮੈਨੂੰ ਪਤਾ ਲੱਗਿਆ ਕਿ ਚੰਗੀ ਖੁਰਾਕ ਤੇ ਸਾਂਭ-ਸੰਭਾਲ ਦੇ ਬਾਵਜੂਦ ਦੁੱਧ ਦਾ ਉਤਪਾਦਨ ਘੱਟ ਕਿਉਂ ਰਹਿ ਜਾਂਦਾ ਸੀ। ਉੱਥੇ ਮੈਂ ਸਿੱਖਿਆ ਕਿ ਪਸ਼ੂਆਂ ਲਈ ਨਿਰੰਤਰ ਸੰਤੁਲਿਤ ਖੁਰਾਕ ਤੇ ਸਹੀ ਬਰੀਡਿੰਗ (ਨਸਲ ਸੁਧਾਰ) ਕਿੰਨੀ ਜ਼ਰੂਰੀ ਹੈ।
ਓਸ ਨੇ ਦੱਸਿਆ ਕਿ ਐੱਸ.ਸੀ. ਲਾਭਪਾਤਰੀ ਸਕੀਮ ਹੇਠ ਉਸ ਨੂੰ ਮੁਫ਼ਤ ਟ੍ਰੇਨਿੰਗ ਦੇ ਨਾਲ-ਨਾਲ 7 ਲੱਖ ਰੁਪਏ ਦਾ ਕਰਜ਼ਾ ਮਿਲਿਆ, ਜਿਸ ਉੱਤੇ ਕਰੀਬ ਸਵਾ ਦੋ ਲੱਖ ਰੁਪਏ ਦੀ ਸਬਸਿਡੀ ਮਿਲੀ। ਇਸ ਤੋਂ ਬਾਅਦ ਉਸ ਨੂੰ ਪਸ਼ੂਆਂ ਦੇ ਸ਼ੈੱਡ ਤੇ ਦੁੱਧ ਚੋਣ ਵਾਲੀ ਮਸ਼ੀਨ ਉੱਤੇ ਵੀ 50 ਫ਼ੀਸਦੀ ਸਬਸਿਡੀ ਹਾਸਲ ਹੋਈ। ਅੱਜ ਉਹ ਸਾਰੇ ਖਰਚੇ-ਪਾਣੀ ਕੱਢ ਕੇ ਹਰ ਮਹੀਨੇ 40 ਫ਼ੀਸਦੀ ਸਾਫ਼ ਮੁਨਾਫ਼ਾ ਕਮਾ ਰਹੀ ਹੈ।
ਅਮਨਦੀਪ ਦਾ ਕਹਿਣਾ ਹੈ ਕਿ ਉਸ ਨੇ ਇਹ ਸਾਬਤ ਕਰ ਦਿਖਾਇਆ ਹੈ ਕਿ ਧੀਆਂ ਵੀ ਪੁੱਤਾਂ ਵਾਂਗ ਪਰਿਵਾਰ ਦਾ ਵਾਰਿਸ ਬਣ ਸਕਦੀਆਂ ਹਨ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਤੇ ਮਿਹਨਤ ਦਾ ਪੱਲਾ ਨਾ ਛੱਡਣ।
----------
ਐੱਸ.ਸੀ. ਭਾਈਚਾਰੇ ਲਈ ਮੁਫ਼ਤ ਸਿਖਲਾਈ ਤੇ ਸਬਸਿਡੀ ਦੀ ਸਹੂਲਤ : ਡੇਅਰੀ ਵਿਭਾਗ
ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ ਸੁਰਿੰਦਰ ਸਿੰਘ ਨੇ ਦੱਸਿਆ ਕਿ ‘ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸ਼ਰੀਜ਼’ ਅਧੀਨ ਪੇਂਡੂ ਖੇਤਰ ਦੇ ਐੱਸ.ਸੀ. ਭਾਈਚਾਰੇ ਨਾਲ ਸਬੰਧਤ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਤੋਂ ਬਾਅਦ ਆਪਣਾ ਕੰਮ-ਕਾਰ ਸ਼ੁਰੂ ਕਰਨ ਲਈ 2, 5 ਜਾਂ 10 ਪਸ਼ੂਆਂ ਦਾ ਡੇਅਰੀ ਯੂਨਿਟ ਲਗਾਉਣ ’ਤੇ ਸਰਕਾਰ ਵੱਲੋਂ 33 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ ਚੋਣ ਵਾਲੀਆਂ ਮਸ਼ੀਨਾਂ ’ਤੇ 50 ਫ਼ੀਸਦੀ ਸਬਸਿਡੀ ਦੀ ਵਿਸ਼ੇਸ਼ ਸਹੂਲਤ ਹੈ।
--ਡੀਸੀ ਹਰਪ੍ਰੀਤ ਸਿੰਘ ਨੇ ਥਾਪੜਿਆ ਅਮਨਦੀਪ ਦਾ ਮੋਢਾ
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਜੋਧਪੁਰ ਦੀ ਅਮਨਦੀਪ ਕੌਰ ਦੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਨੇ ਆਪਣੀ ਅਣਥੱਕ ਮਿਹਨਤ ਤੇ ਸਰਕਾਰੀ ਸਕੀਮਾਂ ਦਾ ਸਹੀ ਲਾਹਾ ਲੈ ਕੇ ਜਿੱਥੇ ਆਪਣੇ ਪਰਿਵਾਰ ਦਾ ਸਹਾਰਾ ਬਣੀ ਹੈ, ਉੱਥੇ ਹੀ ਦੂਜੇ ਨੌਜਵਾਨਾਂ ਲਈ ਕਾਮਯਾਬੀ ਦਾ ਰਾਹ ਰੋਸ਼ਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਉਠਾ ਕੇ ਸਵੈ-ਰੁਜ਼ਗਾਰ ਵੱਲ ਕਦਮ ਵਧਾਉਣ ਦੀ ਅਪੀਲ ਕੀਤੀ।