- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਲੀਵਾਲ ਤੇ ਭਾਰਦਵਾਜ ਨੇ ਕਿਹਾ ਲੋਕਾਂ ਦੀ ਸੇਵਾ ਹੀ 'ਆਪ' ਸਰਕਾਰ ਦਾ ਮੁੱਖ ਮਨੋਰਥ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਭਰ ’ਚ ਕਰਵਾਏ ਜਾ ਰਹੇ ਲੋਕ-ਹਿੱਤੂ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ, ਬਰਨਾਲਾ ਸ਼ਹਿਰ ਦੀ ਸੁਚੱਜੀ ਵਿਵਸਥਾ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ‘ਆਪ’ ਆਗੂ ਦਿਨ-ਰਾਤ ਇੱਕ ਕਰ ਰਹੇ ਹਨ। ਅੱਜ ਇੱਥੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਤੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰ ਬਰਨਾਲਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
--ਸਾਫ਼-ਸੁਥਰਾ ਵਾਤਾਵਰਨ ਤੇ ਬੁਨਿਆਦੀ ਸਹੂਲਤਾਂ ਸਾਡੀ ਪਹਿਲੀ ਪਸੰਦ: ਹਰਿੰਦਰ ਧਾਲੀਵਾਲ
ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਕਿਸੇ ਵੀ ਸ਼ਹਿਰ ਦੀ ਤਰੱਕੀ ਲਈ ਸਾਫ਼-ਸੁਥਰਾ ਵਾਤਾਵਰਨ, ਸੁਚਾਰੂ ਆਵਾਜਾਈ, ਪੱਕੀਆਂ ਸੜਕਾਂ, ਸੀਵਰੇਜ ਦਾ ਵਧੀਆ ਪ੍ਰਬੰਧ ਤੇ ਪੀਣ ਵਾਲਾ ਸਾਫ਼ ਪਾਣੀ ਸਭ ਤੋਂ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਸਾਡੇ ਜ਼ਿਲ੍ਹੇ ਦਾ ਮੁੱਖ ਗੜ੍ਹ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਕੰਮਾਂ-ਕਾਰਾਂ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗਾਂ ਤੇ ਨਗਰ ਕੌਂਸਲ ਨੂੰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ ਦਿੱਤੇ ਗਏ ਹਨ। ਗਲੀਆਂ-ਬਾਜ਼ਾਰਾਂ ਦੀ ਸਫ਼ਾਈ, ਕੂੜਾ-ਕਰਕਟ ਦੀ ਸਮੇਂ ਸਿਰ ਚੁਕਾਈ, ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਜਿੱਥੇ ਵੀ ਰਸਤੇ ਜਾਂ ਸੜਕਾਂ ਖ਼ਰਾਬ ਹਨ, ਉੱਥੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
--ਲੋਕਾਂ ਦੀ ਸੇਵਾ ਹੀ ‘ਆਪ’ ਸਰਕਾਰ ਦਾ ਮੁੱਖ ਮਨੋਰਥ : ਮੇਅਰ ਹਸਨਪ੍ਰੀਤ ਭਾਰਦਵਾਜ
ਮੇਅਰ ਹਸਨਪ੍ਰੀਤ ਭਾਰਦਵਾਜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਿੱਠ ਠੋਕਦਿਆਂ ਕਿਹਾ ਕਿ ਸ਼ਹਿਰ ਦਾ ਵਿਕਾਸ ਸਿਰਫ਼ ਇਮਾਰਤਾਂ ਬਣਾਉਣ ਤੱਕ ਸੀਮਤ ਨਹੀਂ, ਸਗੋਂ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਸੌਖਾ ਬਣਾਉਣਾ ਹੀ ਅਸਲ ਵਿਕਾਸ ਹੈ। ਰਾਤ ਵੇਲੇ ਚਾਨਣ ਲਈ ਸਟਰੀਟ ਲਾਈਟਾਂ, ਛੋਟੇ-ਵੱਡੇ ਪਾਰਕਾਂ ਦੀ ਸਾਂਭ-ਸੰਭਾਲ, ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਤੇ ਜਨਤਕ ਥਾਵਾਂ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਬਾਜ਼ਾਰਾਂ ’ਚ ਆਵਾਜਾਈ ਨੂੰ ਸੁਚਾਰੂ ਬਣਾਉਣ ਤੇ ਪਾਰਕਿੰਗ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸੁੰਦਰ ਬਣਾਉਣ 'ਚ ਪ੍ਰਸ਼ਾਸਨ ਦਾ ਸਾਥ ਦੇਣ ਤੇ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਸੁੱਟਣ।
-----
ਚੋਣਾਂ ਦੀਆਂ ਤਿਆਰੀਆਂ ਤੇਜ਼ : ਘਰ-ਘਰ ਪਹੁੰਚਾਇਆ ਜਾਵੇਗਾ ‘ਮਾਨ ਸਰਕਾਰ’ ਦਾ ਵਿਕਾਸ ਮਾਡਲ
ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਹਲਕਾ ਇੰਚਾਰਜ ਧਾਲੀਵਾਲ ਤੇ ਮੇਅਰ ਭਾਰਦਵਾਜ ਨੇ ਦੱਸਿਆ ਕਿ ਪਾਰਟੀ ਵਰਕਰ ਬੂਥ ਪੱਧਰ ’ਤੇ ਲਾਮਬੰਦ ਹੋ ਕੇ ਸਰਕਾਰ ਦੀਆਂ ਜਨ-ਹਿੱਤੂ ਨੀਤੀਆਂ ਤੇ ਵਿਕਾਸ ਕਾਰਜਾਂ ਨੂੰ ਘਰ-ਘਰ ਪਹੁੰਚਾਉਣਗੇ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਿੱਖਿਆ, ਸਿਹਤ ,ਆਮ ਆਦਮੀ ਕਲੀਨਿਕ, ਬਿਜਲੀ ਦੇ ਜ਼ੀਰੋ ਬਿੱਲ, ਸੜਕਾਂ ਦੀ ਨੁਹਾਰ ਬਦਲਣ ਤੇ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਦੇ ਕੇ ਆਪਣੀ ਕਾਰਗੁਜ਼ਾਰੀ ਸਾਬਤ ਕੀਤੀ ਹੈ। ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੱਲ ਕੀਤਾ ਜਾਵੇਗਾ, ਤਾਂ ਜੋ ਬਰਨਾਲਾ ਦੇ ਨਿਵਾਸੀਆਂ ਨੂੰ ਇੱਕ ਸਾਫ਼-ਸੁਥਰਾ, ਸੁੰਦਰ ਤੇ ਸੁਵਿਧਾਜਨਕ ਸ਼ਹਿਰੀ ਮਾਹੌਲ ਮਿਲ ਸਕੇ।