- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲ ਕਲਾਂ 'ਚ ਪਰਵਿੰਦਰ ਸਿੰਘ ਝੋਟਾ ਦੇ ਹੱਕ 'ਚ ਲੱਗੇ ਧਰਨੇ ਦੌਰਾਨ ਨਸ਼ੇ ਦਾ ਕਾਰੋਬਾਰ ਬੇਨਕਾਬ

:: ਵਾਰਿਸ ਪੰਜਾਬ ਦੇ ਦੀ ਟੀਮ ਵੱਲੋਂ ਮਹਿਲ ਕਲਾਂ 'ਚ ਚਾਹ ਵਾਲੇ ਖੋਖੇ ਤੋਂ 240 ਨਸ਼ੀਲੇ ਕੈਪਸੂਲ ਬਰਾਮਦ ਕੀਤੇ
ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ,
ਮਹਿਲ ਕਲਾਂ : ਇੱਕ ਪਾਸੇ ਜਿੱਥੇ ਸਮੁੱਚਾ ਪੰਜਾਬ ਨਸ਼ਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਬੰਦ ਹੈ, ਉੱਥੇ ਹੀ ਮਹਿਲ ਕਲਾਂ ਬੱਸ ਸਟੈਂਡ ਵਿਖੇ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਲਈ ਚੱਲ ਰਹੇ ਧਰਨੇ ਦੌਰਾਨ ਸ਼ਰੇਆਮ ਨਸੀਲੇ ਕੈਪਸੂਲ ਵਿਕਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਨਾਜ ਮੰਡੀ ਦੇ ਗੇਟ ਨੰਬਰ 2 ’ਤੇ ਨਜ਼ਦੀਕ ਇੱਕ ਚਾਹ ਵਾਲੇ ਖੋਖੇ ਤੋਂ 240 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਜੀਤ ਸਿੰਘ ਮਾਹਮਦਪੁਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਇੱਕ ਯੋਜਨਾ ਬਣਾਈ ਗਈ। ਉਨ੍ਹਾਂ ਆਪਣੇ ਇੱਕ ਸਾਥੀ ਨੂੰ ਖੋਖੇ ’ਤੇ ਭੇਜਿਆ, ਜਿਸ ਨੇ ਸਰੀਰ ਟੁੱਟਣ ਦੀ ਗੱਲ ਕਹਿ ਕੇ ਨਸ਼ੇ ਦੀ ਮੰਗ ਕੀਤੀ। ਖੋਖੇ ਵਾਲੇ ਨੇ ਉਸਨੂੰ 2500 ਰੁਪਏ ’ਚ 5 ਪੱਤੇ ਕੈਪਸੂਲ ਦਿੱਤੇ। ਇਸ ਮਗਰੋਂ ਆਗੂ ਗੁਰਜੀਤ ਸਿੰਘ ਮਾਹਮਦਪੁਰ ਨੇ ਆਪਣੀ ਟੀਮ ਸਮੇਤ ਉਕਤ ਥਾਂ ’ਤੇ ਤਲਾਸ਼ੀ ਲਈ, ਜਿੱਥੋਂ ਕੁੱਲ 16 ਪੱਤੇ (240 ਕੈਪਸੂਲ) ਬਰਾਮਦ ਹੋਏ। ਕਾਬੂ ਕੀਤੇ ਗਏ ਵਿਅਕਤੀ ਦਾ ਆਧਾਰ ਕਾਰਡ ਵੀ ਟੀਮ ਨੇ ਕਬਜ਼ੇ ’ਚ ਲੈ ਲਿਆ ਹੈ।
ਇਹ ਘਟਨਾ ਪ੍ਰਸ਼ਾਸਨ ਲਈ ਵੱਡੀ ਨਮੋਸ਼ੀ ਦਾ ਕਾਰਨ ਬਣ ਰਹੀ ਹੈ ਕਿਉਂਕਿ ਪਰਵਿੰਦਰ ਸਿੰਘ ਝੋਟਾ ਨੇ ਇਨ੍ਹਾਂ ਕੈਪਸੂਲਾਂ ਦੀ ਵਿਕਰੀ ਖ਼ਿਲਾਫ਼ ਮਾਨਸਾ ਵਿਖੇ ਮੁਹਿੰਮ ਵਿੱਢੀ ਹੋਈ ਸੀ, ਜਿਸਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਸਦੇ ਇਨਸਾਫ਼ ਲਈ ਚੱਲ ਰਹੇ ਧਰਨੇ ਨੇੜੇ ਹੀ ਚਿੱਟੇ ਦਿਨ ਨਸ਼ੀਲੇ ਕੈਪਸੂਲਾਂ ਦਾ ਵਿਕਣਾ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਮੌਕੇ ਜਦੋਂ ਗੁਰਜੀਤ ਮਹਾਮਦਪੁਰ ਨੇ ਧਰਨੇ ਚ ਪੁੱਜ ਕੇ ਭਰੇ ਇਕੱਠ ’ਚ ਫੜ੍ਹੇ ਨਸੀਲੇ ਕੈਪਸੂਲ ਦਿਖਾਏ ।
ਇਸ ਮਾਮਲੇ ਸਬੰਧੀ ਥਾਣਾ ਮਹਿਲ ਕਲਾਂ ਦੀ ਐਸਐਚਓ ਕਮਲਜੀਤ ਕੌਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ। ਮੁਲਜ਼ਮ ਕੋਲੋਂ 16 ਪੱਤੇ (240) ਪਾਬੰਦੀਸ਼ੁਦਾ ਕੈਪਸੂਲ ਤੇ 2 ਪੱਤੇ (20)ਹੋਰ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।