- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿੱਟੀ ਫਾਊਂਡੇਸ਼ਨ ਵੱਲੋਂ ਪਿੰਡ ਸੰਘੇੜਾ ਵਿਖੇ ਛੇਵਾਂ ਮੁਫ਼ਤ ਐਨਕ ਵੰਡ ਕੈਂਪ, ਲਗਭਗ 600 ਲੋੜਵੰਦਾਂ ਨੂੰ ਵੰਡੀਆਂ ਐਨਕਾਂ ਤੇ ਦਵਾਈਆਂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਮਿੱਟੀ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਂਦਿਆਂ ਪਿੰਡ ਸੰਘੇੜਾ ਵਿਖੇ ਛੇਵਾਂ ਮੁਫ਼ਤ ਐਨਕ ਵੰਡ ਕੈਂਪ ਲਗਾਇਆ ਗਿਆ। ਇਹ ਕੈਂਪ ਮਿੱਟੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਹੇਮ ਰਾਜ ਗਰਗ ਦੀ ਅਗਵਾਈ ਹੇਠ ਲਗਾਇਆ ਗਿਆ, ਜੋ ਨਗਰ ਨਿਗਮ ਬਰਨਾਲਾ ਦੇ ਕੌਂਸਲਰ ਵੀ ਹਨ। ਕੈਂਪ ਦੌਰਾਨ ਲਗਭਗ 600 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਅਤੇ ਲੋੜ ਅਨੁਸਾਰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਰਾਜ ਕੁਮਾਰ, ਡਾ. ਕਰਮਜੀਤ ਸਿੰਘ, ਡਾ. ਸੁਰੇਸ਼ ਰਾਣੀ ਅਤੇ ਡਾ. ਨਿਤੇਸ਼ ਗੋਇਲ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਉਪਰਾਲੇ ਨਾਲ ਪਿੰਡ ਦੇ ਲੋੜਵੰਦ ਲੋਕਾਂ ਨੂੰ ਅੱਖਾਂ ਦੀ ਜਾਂਚ ਅਤੇ ਸਿਹਤ ਸਬੰਧੀ ਸਹੂਲਤਾਂ ਪ੍ਰਾਪਤ ਹੋਈਆਂ। ਇਸ ਮੌਕੇ ਮਿੱਟੀ ਫਾਊਂਡੇਸ਼ਨ ਦੇ ਚੇਅਰਮੈਨ ਬਲਬੀਰ ਸਿੰਘ ਜਾਗਲ, ਰਿਟਾਇਰਡ ਬੈਂਕ ਮੈਨੇਜਰ ਸੁਰੇਸ਼ ਕੁਮਾਰ, ਅਵਤਾਰ ਸਿੰਘ ਤਾਰੀ ਸੰਘੇੜਾ, ਸੁਸ਼ੀਲ ਕੱਲੀ, ਐਡਵੋਕੇਟ ਸ਼ਿਵ ਸਿੰਗਲਾ, ਰਾਜਿੰਦਰ ਰਾਜੂ, ਪ੍ਰਦੀਪ ਮੰਗਾ, ਲੀਲਾ ਸੰਧੂ ਪੱਤੀ, ਰਮਾ ਸ਼ਰਮਾ, ਸੇਵਾਮੁਕਤ ਨਰਸਿੰਗ ਅਫ਼ਸਰ ਕੁਲਵੀਰ ਕੌਰ, ਸ਼ੀਲਾ ਰਾਣੀ, ਲਵਪ੍ਰੀਤ ਕੌਰ, ਮੰਟਾਸ਼ਾ ਨੰਨੂ ਅਤੇ ਰੇਸ਼ਮਾ ਸਮੇਤ ਫਾਊਂਡੇਸ਼ਨ ਦੇ ਹੋਰ ਮੈਂਬਰ ਮੌਜੂਦ ਸਨ। ਪਿੰਡ ਸੰਘੇੜਾ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਮਿੱਟੀ ਫਾਊਂਡੇਸ਼ਨ ਦੀ ਟੀਮ ਨੂੰ ਸਹਿਯੋਗ ਦਿੱਤਾ। ਇਨ੍ਹਾਂ ਵਿੱਚ ਹਰਮਿੰਦਰ ਸਿੰਘ, ਨਛੱਤਰ ਨੰਬਰਦਾਰ, ਰਣਜੀਤ ਸਿੰਘ, ਮਨਜੀਤ ਸਿੰਘ ਖਾਲਸਾ, ਬਚਿੱਤਰ ਸਿੰਘ, ਰੇਸ਼ਮ ਸਿੰਘ, ਤਾਰਾ ਸਿੰਘ, ਗੁਲਾਬ ਸਿੰਘ ਫ਼ੌਜੀ ਅਤੇ ਭੋਲਾ ਸਿੰਘ ਗਿੱਲ ਸ਼ਾਮਲ ਸਨ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਮਦਦ ਮਿਲੀ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਸਕੱਤਰ ਨਛੱਤਰ ਸਿੰਘ ਵੀ ਮੌਜੂਦ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿੱਟੀ ਫਾਊਂਡੇਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਲੋੜਵੰਦ ਲੋਕਾਂ ਦੀ ਸਿਹਤ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
10,000 ਲੋੜਵੰਦਾਂ ਨੂੰ ਮੁਫ਼ਤ ਐਨਕਾਂ ਦੇਣ ਦਾ ਟੀਚਾ
ਮਿੱਟੀ ਫਾਊਂਡੇਸ਼ਨ ਵੱਲੋਂ ਕੁੱਲ 10,000 ਲੋੜਵੰਦ ਲੋਕਾਂ ਨੂੰ ਮੁਫ਼ਤ ਐਨਕਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਫਾਊਂਡੇਸ਼ਨ ਵੱਲੋਂ ਪੰਜ ਮੁਫ਼ਤ ਐਨਕ ਵੰਡ ਕੈਂਪ ਲਗਾਏ ਜਾ ਚੁੱਕੇ ਹਨ। ਪਹਿਲੇ ਕੈਂਪ ਵਿੱਚ ਲੱਗਭੱਗ 400, ਦੂਜੇ ਕੈਂਪ ਵਿੱਚ ਲੱਗਭੱਗ 400 ਅਤੇ ਤੀਜੇ ਕੈਂਪ ਵਿੱਚ ਲੱਗਭੱਗ 800 ਲੋੜਵੰਦਾਂ ਨੂੰ ਐਨਕਾਂ ਵੰਡੀਆਂ ਗਈਆਂ ਸਨ। ਚੌਥਾ ਕੈਂਪ ਭੂਰੀ ਵਾਲੇ ਸੰਤਾਂ ਦੀ ਕੁਟੀਆ, ਝੱਲੂਰ ਧਾਮ, ਪਿੰਡ ਝੱਲੂਰ ਵਿਖੇ ਲਗਾਇਆ ਗਿਆ ਸੀ, ਜਿਸ ਦੌਰਾਨ ਲੱਗਭੱਗ 800 ਲੋੜਵੰਦਾਂ ਨੂੰ ਐਨਕਾਂ ਦਿੱਤੀਆਂ ਗਈਆਂ। ਪੰਜਵਾਂ ਕੈਂਪ ਗਊਸ਼ਾਲਾ ਭਵਨ ਧਨੌਲਾ ਵਿਖੇ ਲਗਾਇਆ ਗਿਆ ਸੀ, ਜਦਕਿ ਹੁਣ ਛੇਵਾਂ ਕੈਂਪ ਪਿੰਡ ਸੰਘੇੜਾ ਵਿਖੇ ਲਗਾਇਆ ਗਿਆ ਹੈ।
-------
ਲੜਕੀਆਂ ਦੀ ਸਿਹਤ ਅਤੇ ਸਫ਼ਾਈ ਲਈ ਵੀ ਯਤਨ
ਮਿੱਟੀ ਫਾਊਂਡੇਸ਼ਨ ਵੱਲੋਂ ਐਨਕ ਵੰਡ ਕੈਂਪਾਂ ਤੋਂ ਇਲਾਵਾ ਸਿਹਤ ਅਤੇ ਨਿੱਜੀ ਸਫ਼ਾਈ ਸਬੰਧੀ ਸਮਾਜ ਸੇਵੀ ਕਾਰਜ ਵੀ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਲੱਗਭੱਗ 8,000 ਲੜਕੀਆਂ ਨੂੰ ਸੈਨੇਟਰੀ ਪੈਡ ਅਤੇ ਨਿੱਜੀ ਸਫ਼ਾਈ ਨਾਲ ਸਬੰਧਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਫਾਊਂਡੇਸ਼ਨ ਦਾ ਉਦੇਸ਼ ਲੋੜਵੰਦ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਯਤਨ ਕਰਨਾ ਹੈ।
ਮਿੱਟੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਹੇਮ ਰਾਜ ਗਰਗ ਦੀ ਅਗਵਾਈ ਹੇਠ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।