ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਇਨਸਾਫ ਕਮੇਟੀ ਵੱਲੋਂ ਦਿੱਤੇ ਸੱਦੇ ਦੇ ਚਲਦਿਆਂ ਤਪਾ ਮੰਡੀ ਰਹੀ ਬੰਦ ਪਰਵਿੰਦਰ ਝੋਟਾ ਨੂੰ ਇਨਸਾਫ਼ ਦਵਾਉਣ ਲਈ ਇਨਸਾਫ ਕਮੇਟੀ ਵੱਲੋਂ ਦਿੱਤੇ ਸੱਦੇ ਦੇ ਚਲਦਿਆਂ ਤਪਾ ਮੰਡੀ ਰਹੀ ਬੰਦ
Publish Date: Thu, 15 Oct 2026 04:30 PM (IST)
Updated Date: Thu, 15 Oct 2026 04:33 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਮੈਡੀਕਲ ਸਟੋਰ ਮਾਲਕ ਵਲੋਂ ਮਾਨਸਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੇ ਵਿਰੋਧ ’ਚ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਨੂੰ ਲੈ ਕੇ ਸਬ ਡਵੀਜ਼ਨ ਤਪਾ ’ਚ ਵੀ ਲੋਕਾਂ ’ਚ ਗੁੱਸਾ ਦੇਖਣ ਨੂੰ ਮਿਲਿਆ। ਜਿਸ ਦੇ ਚੱਲਦਿਆਂ ਤਪਾ ਦੇ ਬਾਜ਼ਾਰ ਬੰਦ ਰਹੇ ਤੇ ਚਾਰੇ ਪਾਸੇ ਸੁੰਨ ਪਸਰੀ ਰਹੀ। ਇਸ ਤੋਂ ਇਲਾਵਾ ਸ਼ਹਿਰ ਦੇ ਨਿੱਜੀ ਵਿੱਦਿਅਕ ਅਦਾਰੇ ਵੀ ਬੰਦ ਰਹੇ, ਜਦਕਿ ਸੜਕਾਂ ’ਤੇ ਆਵਾਜਾਈ ਨਾਮਾਤਰ ਹੀ ਦੇਖਣ ਨੂੰ ਮਿਲੀ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਲੈ ਕੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਰਾਜ ਇਕਾਈ ਦੇ ਪ੍ਰਧਾਨ ਸਾਧਾ ਸਿੰਘ ਔਲਖ ਦੀ ਅਗਵਾਈ ’ਚ ਜਥੇਬੰਦੀ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਇਕ ਰੋਸ ਮਾਰਚ ਕੱਢਿਆ ਗਿਆ। ਉਪਰੰਤ ਮੁੱਖ ਮਾਰਗ ਤੇ ਧਰਨਾ ਲਗਾ ਕੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾ ਰੋਕਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਵੀ ਸਰਕਾਰ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਨਸ਼ਾ ਵੇਚਣ ਵਾਲੇ ਲੋਕ ਸ਼ਰੇਆਮ ਨਸ਼ਾ ਵੇਚ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਪੰਜਾਬ ਦੇ ਬੱਚਿਆਂ ਨੂੰ ਮਰਦੇ ਦੇਖ ਰਿਹਾ ਹੈ। ਧਰਨੇ ਦੌਰਾਨ ਲੋਕਾਂ ਦਾ ਗੁੱਸਾ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਖਿਲਾਫ ਸਾਫ ਦਿਖਾਈ ਦੇ ਰਿਹਾ ਸੀ। ਧਰਨੇ ਦੌਰਾਨ ਜਥੇਬੰਦੀ ਦੇ ਪ੍ਰਧਾਨ ਸਾਧਾ ਸਿੰਘ ਔਲਖ, ਮੈਂਗਲ ਸਿੰਘ, ਮਨਦੀਪ ਸਿੰਘ ਪੰਚ, ਗੱਗੀ ਬਰਾੜ, ਗੁਰਦੀਪ ਸਿੰਘ, ਗੁਰਜੰਟ ਸਿੰਘ ਪੰਚ, ਸਤਨਾਮ ਸਿੰਘ ਪੰਚ ਆਦਿ ਨੇ ਕਿਹਾ ਕਿ ਮਾਨਸਾ ’ਚ ਨਸ਼ੇ ਬੰਦ ਕਰਵਾਉਣ ਵਾਲੀ ਵੱਡੀ ਲੜਾਈ ਲੜ੍ਹਦਿਆਂ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਹੈ, ਸੋ ਸਾਨੂੰ ਸਭ ਨੂੰ ਇਕ ਦਿਨ ਪਰਵਿੰਦਰ ਸਿੰਘ ਝੋਟਾ ਵਾਸਤੇ ਕੁਰਬਾਨ ਕਰ ਦੇਣਾ ਚਾਹੀਦਾ ਹੈ। ਧਰਨੇ ਦੌਰਾਨ ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਸੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ। ਨਸ਼ਿਆਂ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਖ਼ਤਰੇ ’ਚ ਪੈ ਰਿਹਾ, ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਤੇ ਸਮਾਜ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਪੁਲਿਸ ਪਾਰਟੀਆਂ ਸਮੇਤ ਤਤਪਰ ਸਨ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ ਚ ਬਹਾਲ ਰੱਖੀ ਜਾਵੇਗੀ, ਕਿਸੇ ਵੀ ਅਨਸਰ ਨੂੰ ਕਾਨੂੰਨ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।