ਦੇਰ ਰਾਤ ਆਏ ਮੀਂਹ ਤੇ ਝੱਖੜ ਨੇ ਝੋਨੇ ਦੀ ਫ਼ਸਲ ਵਿਛਾਈ, ਕਿਸਾਨਾਂ ਦਾ ਵਧਿਆ ਨੁਕਸਾਨ ਦੇਰ ਰਾਤ ਆਏ ਮੀਂਹ ਤੇ ਝੱਖੜ ਨੇ ਝੋਨੇ ਦੀ ਫ਼ਸਲ ਵਿਛਾਈ, ਕਿਸਾਨਾਂ ਦਾ ਵਧਿਆ ਨੁਕਸਾਨ
Publish Date: Thu, 15 Oct 2026 04:27 PM (IST)
Updated Date: Thu, 15 Oct 2026 04:30 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਇਲਾਕੇ ’ਚ ਦੇਰ ਰਾਤ ਆਏ ਤੇਜ਼ ਮੀਂਹ ਤੇ ਝੱਖੜ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖ਼ਰਾਬ ਮੌਸਮ ਕਾਰਨ ਕਈ ਥਾਵਾਂ ’ਤੇ ਝੋਨੇ ਦੀ ਪੱਕਣ ਕਿਨਾਰੇ ਖੜ੍ਹੀ ਫ਼ਸਲ ਹੇਠਾਂ ਵਿਛ ਗਈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ। ਪਹਿਲਾਂ ਹੀ ਖੇਤੀ ਦੀਆਂ ਵਧਦੀਆਂ ਲਾਗਤਾਂ ਤੇ ਮੌਸਮ ਦੀ ਅਨਿਸ਼ਚਿਤਤਾ ਨਾਲ ਜੂਝ ਰਹੇ ਕਿਸਾਨਾਂ ਲਈ ਇਹ ਮੀਂਹ ਤੇ ਝੱਖੜ ਨਵੀਂ ਮੁਸੀਬਤ ਬਣ ਕੇ ਆਏ ਹਨ। ਤੇਜ਼ ਹਵਾਵਾਂ ਕਾਰਨ ਝੋਨੇ ਦੀਆਂ ਫ਼ਸਲਾਂ ਜ਼ਮੀਨ ’ਤੇ ਡਿੱਗ ਗਈਆਂ ਹਨ। ਫ਼ਸਲ ਦੇ ਹੇਠਾਂ ਵਿਛਣ ਨਾਲ ਜਿੱਥੇ ਕਟਾਈ ਦੇ ਕੰਮ ’ਚ ਮੁਸ਼ਕਲ ਆ ਸਕਦੀ ਹੈ, ਉੱਥੇ ਹੀ ਝੋਨੇ ਦੀ ਗੁਣਵੱਤਾ ਤੇ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵੀ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਤਿਆਰ ਹੋਣ ਦੇ ਸਮੇਂ ਅਜਿਹੇ ਮੌਸਮ ਕਾਰਨ ਉਨ੍ਹਾਂ ਦੀ ਸਾਰੀ ਮਿਹਨਤ ’ਤੇ ਪਾਣੀ ਫਿਰਨ ਦਾ ਡਰ ਬਣਿਆ ਹੋਇਆ ਹੈ। ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ : ਬਿੱਟੂ ਜਲੂਰ ਇਸ ਮਾਮਲੇ ਸਬੰਧੀ ਯਾਦਵਿੰਦਰ ਸਿੰਘ ਬਿੱਟੂ ਜਲੂਰ ਨੇ ਕਿਹਾ ਕਿ ਦੇਰ ਰਾਤ ਆਏ ਮੀਂਹ ਤੇ ਝੱਖੜ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਪ੍ਰਭਾਵਿਤ ਖੇਤਾਂ ਦਾ ਸਰਵੇਖਣ ਕਰਵਾਏ ਤੇ ਨੁਕਸਾਨ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ’ਚ ਕੁਦਰਤੀ ਆਫ਼ਤ ਕਾਰਨ ਹੋਣ ਵਾਲਾ ਨੁਕਸਾਨ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੁਸ਼ਕਲ ’ਚੋਂ ਕੱਢਣ ਲਈ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ ਤੇ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।