- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੇਮਿਕਾ ਦਾ ਕਤਲ ਕਰਨ ਵਾਲੇ ਪ੍ਰੇਮੀ ਨੇ ਵੀ ਨਿਗਲਿਆ ਜਹਿਰੀਲਾ ਪਦਾਰਥ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਪਿਛਲੇ ਕੁਝ ਦਿਨ ਪਹਿਲਾਂ ਤਪਾ ਦੇ ਇੱਕ ਹੋਟਲ ’ਚ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਦੇ ਮਾਮਲੇ ’ਚ ਫਰਾਰ ਹੋਏ ਮੁਲਜ਼ਮ ਦੀ ਲਾਸ਼ ਖੇਤ ’ਚੋਂ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੁਲਿਸ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਦਿਨ ਪਹਿਲਾਂ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ, ਵਾਸੀ ਬਦਰਾ ਨੇ ਆਪਣੀ ਪ੍ਰੇਮਿਕਾ ਜਸਵੀਰ ਕੌਰ ਪਤਨੀ ਮੰਗਾ ਸਿੰਘ ਵਾਸੀ ਤਪਾ, ਦਾ ਕਥਿਤ ਤੌਰ ’ਤੇ ਇੱਕ ਹੋਟਲ ’ਚ ਕਈ ਵਾਰ ਕਰਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਸੂਚਨਾ ਵੀ ਭੇਜੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਫ਼ਰਾਰ ਹੋਣ ਤੋਂ ਬਾਅਦ ਮੁਲਜ਼ਮ ਕਰਾੜਵਾਲਾ ਦੇ ਖੇਤ ਮੋਟਰ ਕੋਲ ਪਹੁੰਚ ਗਿਆ ਸੀ, ਜਿੱਥੇ ਉਸ ਨੇ ਕਥਿਤ ਤੌਰ ’ਤੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ 2-3 ਦਿਨ ਤੱਕ ਖੇਤ ’ਚ ਪਈ ਰਹੀ ਹੋਣ ਦਾ ਖ਼ਦਸ਼ਾ ਹੈ। ਜਦੋਂ ਕਿਸਾਨ ਆਪਣੇ ਖੇਤ ’ਚ ਗਿਆ ਤਾਂ ਉਸ ਨੇ ਉੱਥੇ ਲਾਸ਼ ਪਈ ਦੇਖੀ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕੀਤੀ। ਮੁੱਢਲੀ ਜਾਂਚ ਦੌਰਾਨ ਮ੍ਰਿਤਕ ਦੇ ਕੱਪੜਿਆਂ ਤੇ ਹੋਰ ਪਛਾਣ ਸਬੰਧੀ ਵੇਰਵਿਆਂ ਦੇ ਆਧਾਰ ’ਤੇ ਉਸ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਦਰਾ ਵਜੋਂ ਹੋਈ। ਇਸ ਸਬੰਧੀ ਤਪਾ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ, ਕਿਉਂਕਿ ਉਹ ਜਸਵੀਰ ਕੌਰ ਪਤਨੀ ਮੰਗਾ ਸਿੰਘ ਦੇ ਕਤਲ ਮਾਮਲੇ ’ਚ ਲੋੜੀਂਦਾ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।