- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਸਾੜਨ ਦੇ ਮੁੱਦੇ ਉੱਤੇ ਪ੍ਰਸ਼ਾਸਨ ਦੀ ਨਾਜਾਇਜ਼ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ- ਭਾਕਿਯੂ ਕਾਦੀਆਂ

-ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ 100 ਰੁਪਏ ਪ੍ਰਤੀ ਕੁਇੰਟਲ ਜਾਂ 2500 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਦੇਵੇ ਸਰਕਾਰ - ਜਗਸੀਰ ਛੀਨੀਵਾਲ
ਨਵਦੀਪ ਸੇਖਾ, ਪੰਜਾਬੀ ਜਾਗਰਣ,
ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ। ਜਿਸ ’ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਸਰਕਾਰ 2019 ਦੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਭੱਜ ਚੁੱਕੀ ਹੈ ਜਿਸ ’ਚ ਕੋਰਟ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 100 ਰੁਪਈਏ ਪ੍ਰਤੀ ਕੁਇੰਟਲ ਜਾਂ 2500 ਰੁਪਈਏ ਪ੍ਰਤੀ ਏਕੜ ਦੀ ਨਕਦ ਸਹਾਇਤਾ ਦਿੱਤੀ ਜਾਵੇ ਅਤੇ 90% ਸਬਸਿਡੀ ਤੇ ਪਰਾਲੀ ਨਾਲ ਸਬੰਧਿਤ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ , ਪਰ ਸਰਕਾਰ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦੀਆਂ ਧੱਜੀਆਂ ਉਡਾ ਕੇ ਉੱਪਰੋਂ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਧਮਕਾ ਰਹੀ ਹੈ ਕਿ ਜੋ ਕਿਸਾਨ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾਏਗਾ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਸਰਕਾਰ ਇਸ ਵਾਰ ਖੇਤਾਂ ਦੀ ਨਿਗਰਾਨੀ ਲਈ ਡਰੋਨਾਂ ਦਾ ਸਹਾਰਾ ਲੈ ਰਹੀ ਹੈ ਜਦੋਂਕਿ ਫਸਲਾਂ ਕੁਦਰਤੀ ਆਫ਼ਤਾਂ ਨਾਲ ਤਬਾਹ ਹੁੰਦੀਆਂ ਹਨ ਉਦੋਂ ਡਰੋਨਾਂ ਦੀ ਵਰਤੋਂ ਕਰਕੇ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨਾਲ ਪਰਾਲੀ ਸਾੜਨ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਨਾਜਾਇਜ਼ ਧੱਕੇਸ਼ਾਹੀ ਕੀਤੀ ਤਾਂ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ ਤੇ ਡਰੋਨਾਂ ਨੂੰ ਉੱਡਣ ਤੋਂ ਵੀ ਰੋਕਿਆ ਜਾਵੇਗਾ ।
ਜ਼ਿਲ੍ਹਾ ਸਕੱਤਰ ਜਨਰਲ ਜਸਮੇਲ ਸਿੰਘ ਕਾਲੇਕੇ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਝੋਨੇ ਦੀ ਫ਼ਸਲ ਕੱਟਣ ਉਪਰੰਤ ਕਣਕ ਅਤੇ ਆਲੂਆਂ ਦੀ ਬਿਜਾਈ ਤਿਆਰ ਹੈ ਪਰ ਜ਼ਿਲ੍ਹੇ ਅੰਦਰ ਡੀਏਪੀ ਖਾਦ ਦੀ ਵੱਡੀ ਪੱਧਰ ’ਤੇ ਕਮੀ ਹੈ ਜਿਸ ਦੀ ਆੜ ’ਚ ਕਿਸਾਨਾਂ ਨੂੰ ਬੇਲੋੜੀਆਂ ਦਵਾਈਆਂ ਧੱਕੇ ਨਾਲ ਦਿੱਤੀਆਂ ਜਾ ਰਹੀਆਂ ਹਨ, ਇਸ ਲਈ ਜ਼ਿਲ੍ਹੇ ਅੰਦਰ ਖਾਦ ਦੀ ਕਮੀ ਨੂੰ ਪੂਰਾ ਕਰਕੇ ਤੁਰੰਤ ਕਾਲਾਬਾਜ਼ਾਰੀ ਨੂੰ ਬੰਦ ਕੀਤਾ ਜਾਵੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਨਾਮ ਸਿੰਘ ਠੀਕਰੀਵਾਲ, ਮਹਿੰਦਰ ਸਿੰਘ, ਬੁੱਗਰ ਸਿੰਘ ਫਰਵਾਹੀ, ਯਾਦਵਿੰਦਰ ਸਿੰਘ ਰਾਜਗੜ੍ਹ, ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ, ਜਸਵੀਰ ਸਿੰਘ ਸੁਖਪੁਰਾ, ਪਰਮਜੀਤ ਸਿੰਘ ਮਹਿਲ ਕਲਾਂ, ਪਰਮਿੰਦਰ ਹੰਡਿਆਇਆ, ਉਦੇ ਸਿੰਘ ਹਮੀਦੀ ਊਧਮ ਜੋਧਪੁਰ, ਪ੍ਰਿਤਪਾਲ ਕੈਰੇ, ਜੱਗਾ ਸੇਖਾ, ਕਾਲਾ ਚੀਮਾ, ਇੰਦਰਜੀਤ ਧਨੌਲ਼ਾ, ਜਗਤ ਧੂਰਕੋਟ, ਮਿੱਠੂ ਕਲਾਲਾ, ਟੇਕ ਸਿੰਘ ਪੱਤੀ ਸੇਖਵਾ, ਹਰਭਜਨ ਸਰਜੀਤਪੁਰਾ ਕੋਠੇ, ਬਲਜੀਤ ਬੱਲੀ ਪੱਖੋਂ, ਬੂਟਾ ਮੱਲੀਆਂ, ਤੇਜਾ ਸਿੰਘ ਕੱਟੂ, ਜੱਸੀ ਫਰਵਾਹੀ, ਬੇਅੰਤ ਸੁਖਪੁਰਾ, ਗੁਰਵਿੰਦਰ ਧਨੌਲ਼ਾ ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।