- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਲਡਿੰਗ ਮਟੀਰੀਅਲ ਤੇ ਹਾਰਡਵੇਅਰ ਦੀ ਦੁਕਾਨ 'ਚ ਪਏ ਸੈਂਨੇਟਰੀ ਦੇ ਸਮਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਰਾਤ ਦੇ ਕਰੀਬ ਦੋ ਕੁ ਵਜੇ ਗੂਸ਼ਾਲਾ ਰੋਡ ’ਤੇ ਸਥਿਤ ਬਿਲਡਿੰਗ ਮਟੀਰੀਅਲ ਤੇ ਹਾਰਡਵੇਅਰ ਦੀ ਦੁਕਾਨ ’ਚ ਪਏ ਸੈਨੇਟਰੀ ਦੇ ਸਮਾਨ ਨੂੰ ਭਿਆਨਕ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਪਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਮਿੱਤਲ ਇਲੈਕਟ੍ਰਿਕ ਐਂਡ ਬਿਲਡਿੰਗ ਮਟੀਰੀਅਲ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਮਿੰਟਾ ਪੁੱਤਰ ਗੋਰਾ ਲਾਲ ਵਾਸੀ ਤਪਾ ਨੇ ਦੱਸਿਆ ਕਿ ਉਸਨੂੰ ਰਾਤ ਦੇ ਕਰੀਬ ਦੋ ਕੁ ਵਜੇ ਕਿਸੇ ਗੱਡੀ ਚਾਲਕ ਦਾ ਫੋਨ ਆਇਆ ਕਿ ਉਸਦੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਣ ’ਤੇ ਉਹ ਤੁਰੰਤ ਆਪਣੀ ਦੁਕਾਨ ਤੇ ਪੁੱਜਾ ਤੇ ਕਿ ਦੇਖਿਆ ਕਿ ਦੁਕਾਨ ’ਚ ਪਏ ਸੈਨੇਟਰੀ ਦੇ ਸਮਾਨ ਟੂਟੀਆਂ,ਵਾਸ਼ਬੇਸਿਨ,ਕਮੋਡ,ਬਾਥਰੂਮ ਦਾ ਸਮਾਨ,ਪਾਈਪਾਂ, ਸਲੋਸ਼ਨ ਆਦਿ ਨੂੰ ਭਿਆਨਕ ਅੱਗ ਲੱਗੀ ਹੋਈ ਸੀ, ਜਿਸ ਦੀਆਂ ਲਪਟਾਂ ਆਸਮਾਨ ਨੂੰ ਛੂਹ ਰਹੀਆਂ ਸਨ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ। ਘਟਨਾ ਦਾ ਪਤਾ ਲੱਗਦੇ ਹੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਮਾਜ ਸੇਵੀ ਚੰਨਾ ਸੇਖੋਂ, ਟਿੰਕੂ ਮਿੱਤਲ ਤੋਂ ਇਲਾਵਾ ਆਂਢ ਗੁਆਂਢ ਦੇ ਲੋਕ ਵੀ ਮੌਕੇ ਤੇ ਪੁੱਜੇ ਤੇ ਰਾਹਤ ਕਾਰਜਾਂ ’ਚ ਜੁੱਟ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਘਟਨਾ ਸਬੰਧੀ ਸੂਚਨਾ ਫਾਇਰ ਬ੍ਰਿਗੇਡ ਤੇ ਤਪਾ ਸਿਟੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੇ ਕਰਮਚਾਰੀ ਫਾਇਰਮੈਨ ਸੁਖਦੀਪ ਸਿੰਘ, ਰਾਜਦੀਪ ਸਿੰਘ ,ਡਰਾਈਵਰ ਗੁਰਜੰਟ ਸਿੰਘ, ਨਗਰ ਕੌਂਸਲ ਦੇ ਤਾਰੀ ਸਿੰਘ ਤੋਂ ਇਲਾਵਾ ਤਪਾ ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਤੇ ਹੌਲਦਾਰ ਗੁਰਜੀਤ ਸਿੰਘ ਮੌਕੇ ਤੇ ਪੁੱਜੇ। ਮੌਕੇ ’ਤੇ ਪੁੱਜੇ ਫਾਇਰ ਕਰਮਚਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਤੇ ਪਾਣੀ ਦਾ ਛਿੜਕਾਅ ਕੀਤਾ ਤੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ। ਦੁਕਾਨ ਮਾਲਕ ਦੇ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਸ ਘਟਨਾ 'ਚ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਵੇਰ ਹੁੰਦਿਆ ਜਿਉਂ ਹੀ ਅੱਗ ਲੱਗਣ ਦੀ ਘਟਨਾ ਦਾ ਮੰਡੀ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੁਕਾਨ ਮਾਲਕ ਨਾਲ ਹਮਦਰਦੀ ਪ੍ਰਗਟ ਕੀਤੀ।