- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਡੇਟ 2 ਨੰਬਰ ਫਾਈਲ

--ਝੋਨੇ ਦੀ ਫ਼ਸਲ ਤੇ ਖਰੀਦ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਤਪਾ ਮੰਡੀ ਤੇ ਆਸ-ਪਾਸ ਦੇ ਇਲਾਕਿਆਂ ’ਚ ਚੱਲੀਆਂ ਤੇਜ਼ ਹਵਾਵਾਂ ਤੇ ਮੌਸਮ ਦੇ ਬਦਲਦੇ ਮਿਜ਼ਾਜ ਨੇ ਖੇਤਰ ਦੇ ਕਿਸਾਨਾਂ ਨੂੰ ਗੰਭੀਰ ਚਿੰਤਾ ’ਚ ਪਾ ਦਿੱਤਾ ਹੈ। ਸਵੇਰੇ ਹੋਈ ਬਾਰਿਸ਼ ਕਾਰਨ ਖੇਤਾਂ ’ਚ ਖੜ੍ਹੀ ਤੇ ਮੰਡੀਆਂ ’ਚ ਪੁੱਜੀ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ।
ਬਾਰਿਸ਼ ਸ਼ੁਰੂ ਹੁੰਦਿਆਂ ਹੀ ਮੰਡੀਆਂ ’ਚ ਕਿਸਾਨਾਂ ਤੇ ਆੜ੍ਹਤੀਆਂ ਨੇ ਖੁੱਲ੍ਹੇ ’ਚ ਪਈ ਫ਼ਸਲ ਨੂੰ ਤਿਰਪਾਲਾਂ ਨਾਲ ਢੱਕਣ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਹਵਾ ਕਾਰਨ ਪਏ ਮੀਂਹ ਦੇ ਬੌਛਾੜ ਨਾਲ ਝੋਨੇ ਦੀਆਂ ਢੇਰੀਆਂ ਭਿੱਜ ਗਈਆਂ। ਇਸ ਤੋਂ ਇਲਾਵਾ ਫੜ੍ਹਾਂ ’ਚ ਪਾਣੀ ਭਰਨ ਕਾਰਨ ਢੇਰੀਆਂ ਦੇ ਹੇਠਾਂ ਪਾਣੀ ਫਿਰ ਗਿਆ। ਮੰਡੀ ’ਚ ਆਪਣੀ ਫ਼ਸਲ ਦੀ ਤੁਲਾਈ ਤੇ ਵਿਕਰੀ ਦੀ ਉਡੀਕ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਝੋਨੇ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬੋਲੀ ਨਹੀਂ ਹੋ ਰਹੀ ਸੀ ਤੇ ਹੁਣ ਬਾਰਿਸ਼ ਪੈਣ ਨਾਲ ਨਮੀ ਹੋਰ ਵਧਣ ਕਾਰਨ ਖ਼ਰੀਦ ਪ੍ਰਕਿਰਿਆ ਲਟਕਣ ਦਾ ਡਰ ਬਣ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ’ਚ ਪੁੱਤਾਂ ਵਾਂਗ ਪਾਲੀ ਤੇ ਪੱਕ ਕੇ ਤਿਆਰ ਹੋਈ ਫ਼ਸਲ ਲਈ ਇਹ ਮੀਂਹ ਤੇ ਤੇਜ਼ ਹਵਾਵਾਂ ਬੇਹੱਦ ਨੁਕਸਾਨਦੇਹ ਸਾਬਤ ਹੋਣਗੀਆਂ। ਹਵਾ ਕਾਰਨ ਝੋਨਾ ਧਰਤੀ ’ਤੇ ਵਿੱਛ ਜਾਵੇਗਾ, ਜਿਸ ਨਾਲ ਝਾੜ ’ਤੇ ਬੁਰਾ ਅਸਰ ਪਵੇਗਾ। ਕਿਸਾਨਾਂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਵੱਡੇ ਖ਼ਰਚੇ ਤੇ ਦਿਨ-ਰਾਤ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ’ਤੇ ਹਰ ਵਾਰ ਪੱਕਣ ਸਮੇਂ ਕੁਦਰਤੀ ਆਫ਼ਤ ਦਾ ਕਹਿਰ ਟੁੱਟ ਪੈਂਦਾ ਹੈ।
ਅੰਦਰਲੀ ਅਨਾਜ ਮੰਡੀ ’ਚ ਪਾਣੀ ਦੀ ਨਿਕਾਸੀ ਨਾ ਹੋਣਾ ਬਣਿਆ ਜੰਜਾਲ
ਤਪਾ ਦੀ ਅੰਦਰਲੀ ਅਨਾਜ ਮੰਡੀ ’ਚ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਪਿਛਲੇ ਦਿਨੀਂ ਪੁਰਾਣੀ ਅਨਾਜ ਮੰਡੀ ਦੇ ਵਿਚਕਾਰਲੀ ਸੜਕ ਨੂੰ ਮੰਡੀ ਦੇ ਫੜਾਂ ਨਾਲੋਂ ਲਗਭਗ ਇੱਕ ਫੁੱਟ ਉੱਚਾ ਚੁੱਕ ਕੇ ਬਣਾ ਦਿੱਤਾ ਗਿਆ ਹੈ, ਜਿਸ ਕਾਰਨ ਬਾਰਿਸ਼ ਦਾ ਪਾਣੀ ਮੰਡੀ ਦੇ ਫੜਾਂ ’ਚ ਜਮ੍ਹਾਂ ਹੋ ਜਾਂਦਾ ਹੈ ਤੇ ਝੋਨੇ ਦੀ ਫ਼ਸਲ ਦੇ ਡੁੱਬਣ ਦਾ ਖ਼ਤਰਾ ਲਗਾਤਾਰ ਮੰਡਰਾਉਂਦਾ ਰਹਿੰਦਾ ਹੈ।