- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਰੂੜੇਕੇ ਕਲਾਂ ਅੱਗੇ ਇਨਸਾਫ਼ ਲਈ ਲਗਾਇਆ ਧਰਨਾ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਪਿੰਡ ਪੱਖੋ ਕਲਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਉਸ ਦੇ ਪੋਤਿਆਂ ਤੇ ਨੂੰਹ ਵੱਲੋਂ ਘਰ ’ਚ ਵੜ ਕੇ ਕੀਤੀ ਕੁੱਟਮਾਰ ਤੇ ਘਰ ਅੰਦਰੋਂ ਚੋਰੀ ਕੀਤੇ ਕਾਗਜ਼ਾਤ ਤੇ ਗਹਿਣਿਆਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਪੱਖੋ ਕਲਾਂ ਵਾਸੀਆਂ ਤੇ ਬੀਕੇਯੂ ਆਗੂਆਂ ਵੱਲੋਂ ਥਾਣਾ ਰੂੜੇਕੇ ਕਲਾਂ ਅੱਗੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਧਰਨੇ ’ਚ ਸ਼ਾਮਿਲ ਬੀਕੇਯੂ ਉਗਰਾਹਾਂ, ਬੀਕੇਯੂ ਕਾਦੀਆ, ਬੀਕੇਯੂ ਸਿੱਧੂਪੁਰ, ਬੀਕੇਯੂ ਡਕੌਂਦਾ ਦੇ ਆਗੂਆਂ ਲਾਭ ਸਿੰਘ ਲਾਭਾ, ਜਗਜੀਤ ਸਿੰਘ ਜੱਗਾ, ਬਲਜੀਤ ਸਿੰਘ ਬੱਲੀ, ਬਲਵੀਰ ਸਿੰਘ ਵੀਰੀ, ਮੱਘਰ ਸਿੰਘ ਸਹਿਣੇ ਵਾਲਾ, ਸਾਬਕਾ ਸਰਪੰਚ ਸੁਖਪਾਲ ਸਿੰਘ ਸਮਰਾ, ਮੋਹਿੰਦਰ ਪਾਲ ਸ਼ਰਮਾ, ਗੁਰਮੇਲ ਸਿੰਘ ਚੰਨੀ ਕੇ, ਕੁਲਵੰਤ ਸਿੰਘ, ਰਾਜਾ ਸਿੰਘ, ਬਿੰਦਰ ਸਿੰਘ, ਸੁਖਪਾਲ ਸਿੰਘ, ਕੇਵਲ ਸਿੰਘ, ਭੋਲਾ ਸਿੰਘ, ਬੂਟਾ ਸਿੰਘ, ਜਰਨੈਲ ਸਿੰਘ,ਬਲਕਰਨ ਸਿੰਘ ਆਦਿ ਨੇ ਦੱਸਿਆ ਕਿ ਗੁਰਚਰਨ ਸਿੰਘ ਉਰਫ ਚਰਨਾ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ ਕਾਲਾ ਸਿੰਘ ਨੇੜਲੇ ਪਿੰਡ ਜੋਗਾ ਵਿਖੇ ਵਿਆਹਿਆ ਹੋਇਆ ਸੀ ਤੇ ਉਸ ਦੇ ਦੋ ਪੁੱਤਰ ਹਨ। ਉਸ ਦੀ ਆਪਣੀ ਘਰਵਾਲ਼ੀ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਣਬਣ ਚੱਲ ਰਹੀ ਹੈ ਅਤੇ ਉਹ ਆਪਣੇ ਪੁੱਤਰਾਂ ਸਮੇਤ ਆਪਣੇ ਪੇਕੇ ਪਿੰਡ ਜੋਗਾ ਵਿਖੇ ਰਹਿ ਰਹੀ ਹੈ। ਇਸ ਸਬੰਧੀ ਅਦਾਲਤ ’ਚ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ ਤੇ ਕਾਲਾ ਸਿੰਘ ਵੱਲੋਂ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੀ ਘਰ ਵਾਲੀ ਤੇ ਪੁੱਤਰਾਂ ਨੂੰ ਖਰਚਾ ਵੀ ਦਿੱਤਾ ਜਾ ਰਿਹਾ ਸੀ। ਪਿਛਲੇ ਸਮੇਂ ਵਿਚ ਗੁਰਪ੍ਰੀਤ ਸਿੰਘ ਦੀ ਪਿੰਡ ਜੋਗਾ ਤੇ ਅਕਲੀਆ ਵਿਚਕਾਰ ਸ਼ੱਕੀ ਹਾਲਤ ’ਚ ਇੱਕ ਹਾਦਸੇ ’ਚ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਗੁਰਚਰਨ ਸਿੰਘ ਦਾ ਆਪਣੇ ਪੋਤਿਆਂ ਤੇ ਨੂੰਹ ਨਾਲ ਜ਼ਮੀਨ ਦਾ ਝਗੜਾ ਵੀ ਅਦਾਲਤ ’ਚ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਗੁਰਪ੍ਰੀਤ ਸਿੰਘ ਦੀ ਪਤਨੀ ਤੇ ਉਸ ਦੇ ਪੁੱਤਰਾਂ ਨੇ ਕਥਿਤ ਤੌਰ ’ਤੇ ਗੁਰਚਰਨ ਦੀ ਘਰ ’ਚ ਵੜ ਕੇ ਕੁੱਟਮਾਰ ਕੀਤੀ। ਘਰ ਦੇ ਸੀਸੀਟੀਵੀ ਕੈਮਰੇ ਭੰਨ ਦਿੱਤੇ, 13 ਤੋਲੇ ਸੋਨਾ, ਜ਼ਮੀਨ ਦੇ ਕਾਗਜਾਤ, ਇੱਕ ਕਾਰ, ਇੱਕ ਮੋਟਰਸਾਈਕਲ ਚੁੱਕ ਕੇ ਫ਼ਰਾਰ ਹੋ ਗਏ। ਗੁਰਚਰਨ ਸਿੰਘ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਉਸ ਦੇ ਬਿਆਨਾਂ ਤੇ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਪਰ ਦੋਸੀ ਫਰਾਰ ਹੋ ਗਏ ਹਨ।
ਧਰਨਾਕਾਰੀਆਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ, ਇਸ ਤੋਂ ਪਹਿਲਾ ਕਾਲਾ ਸਿੰਘ ਦੀ ਪਤਨੀ ਨੇ ਗੁਰਚਰਨ ਸਿੰਘ ਸਮੇਤ ਛੇ ਵਿਅਕਤੀਆਂ ਉੱਪਰ ਮੱਕੀ ਦੀ ਫ਼ਸਲ ਦੀ ਚੋਰੀ ਦਾ ਝੂਠਾ ਪਰਚ ਦਰਜ ਕਰਵਾਇਆ ਸੀ, ਉਨ੍ਹਾਂ ਉਹ ਵੀ ਰੱਦ ਕਰਨ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਅਤੇ ਪੀੜਤਾਂ ਖ਼ਿਲਾਫ ਦਰਜ ਕੀਤਾ ਝੂਠਾ ਪਰਚਾ ਨਾ ਰੱਦ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।