ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਬੀਐੱਮਸੀ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਅੱਜ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਬੀਐੱਮਸੀ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਅੱਜ
Publish Date: Sat, 10 Oct 2026 04:20 PM (IST)
Updated Date: Sun, 11 Oct 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਨੁੱਖਤਾ ਦੀ ਸੇਵਾ ਤੇ ਸਮਾਜ ਭਲਾਈ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਬੀਐੱਮਸੀ ਵਿਸ਼ੇਸ਼ ਰੋਗਾਂ ਦੇ ਹਸਪਤਾਲ ਵੱਲੋਂ 11 ਅਕਤੂਬਰ ਨੂੰ ਸਵਰਗੀ ਨਿਰਮਲਾ ਦੇਵੀ ਦੀ ਯਾਦ ’ਚ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਬੀਐੱਮਸੀ ਹਸਪਤਾਲ, ਹੰਡਿਆਇਆ ਰੋਡ, ਬਰਨਾਲਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਣ ਵਾਲੇ ਇਸ ਕੈਂਪ ’ਚ ਲਾਇਨਜ਼ ਜ਼ਿਲ੍ਹਾ 321-F ਦੇ ਗਵਰਨਰ ਲਾਇਨ ਅਜੇ ਗੋਇਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਲੱਬ ਦੇ ਪ੍ਰਧਾਨ ਲਾਇਨ ਸ਼ਿਵ ਸਿੰਗਲਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਤੇ ਲੋੜਵੰਦ ਪਰਿਵਾਰਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਉਣਾ ਹੈ। ਕੈਂਪ ਦੌਰਾਨ 12 ਤੋਂ ਵੱਧ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ ਤੇ ਡਾਕਟਰਾਂ ਦੀ ਸਲਾਹ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੈਂਪ ’ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਪੰਕਜ ਗੋਇਲ, ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾ. ਮਨੀਸ਼ ਸ਼ਰਮਾ, ਪੇਟ ਤੇ ਜਿਗਰ ਦੇ ਰੋਗਾਂ ਦੇ ਮਾਹਿਰ ਡਾ. ਸੁਬੀਰ ਅਗਰਵਾਲ, ਗੁਰਦਿਆਂ ਤੇ ਪਿਸ਼ਾਬ ਸਬੰਧੀ ਰੋਗਾਂ ਦੇ ਮਾਹਿਰ ਡਾ. ਜਗਦੀਪ ਸਿੰਘ, ਨਸਾਂ ਤੇ ਦੂਰਬੀਨ ਰਾਹੀਂ ਸਰਜਰੀ ਦੇ ਮਾਹਿਰ ਡਾ. ਵਿਕਾਸ ਗੁਪਤਾ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਭਾਵਨਾ ਗੁਪਤਾ ਸਮੇਤ ਹੋਰ ਮਾਹਿਰ ਡਾਕਟਰ ਸੇਵਾਵਾਂ ਦੇਣਗੇ। ਮੂੰਹ ਤੇ ਦੰਦਾਂ, ਔਰਤਾਂ ਦੇ ਰੋਗਾਂ, ਛਾਤੀ ਅਤੇ ਸਾਹ ਦੀਆਂ ਬਿਮਾਰੀਆਂ ਤੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਵੀ ਮਰੀਜ਼ਾਂ ਦੀ ਜਾਂਚ ਕਰਨਗੇ। ਬੀਐੱਮਸੀ ਹਸਪਤਾਲ ਦੇ ਸਹਿਯੋਗ ਨਾਲ ਜਿਗਰ ਦੀ ਜਾਂਚ ਲਈ ਫਾਈਬਰੋਸਕੈਨ, ਲੰਬੇ ਸਮੇਂ ਦੀ ਸ਼ੂਗਰ ਦੀ ਜਾਂਚ, ਯੂਰਿਕ ਐਸਿਡ, ਗੁਰਦਿਆਂ ਦੀ ਕਾਰਜਕੁਸ਼ਲਤਾ ਦੀ ਜਾਂਚ, ਦਿਲ ਦੀ ਬਿਜਲਈ ਜਾਂਚ, ਖ਼ੂਨ ’ਚ ਸ਼ੂਗਰ ਦੀ ਜਾਂਚ, ਹੱਡੀਆਂ ਦੀ ਮਜ਼ਬੂਤੀ ਦੀ ਜਾਂਚ, ਜਿਗਰ ਦੀ ਜਾਂਚ, ਖ਼ੂਨ ਦੀ ਸੰਪੂਰਨ ਜਾਂਚ ਅਤੇ ਪ੍ਰੋਸਟੇਟ ਗ੍ਰੰਥੀ ਦੀ ਜਾਂਚ ਸਮੇਤ ਕਈ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਣਗੇ। ਕਲੱਬ ਦੇ ਜਨਰਲ ਸਕੱਤਰ ਲਾਇਨ ਯਸ਼ ਪਾਲ ਬਾਲਾ, ਖ਼ਜ਼ਾਨਚੀ ਲਾਇਨ ਅਰੁਣ ਬਾਂਸਲ ਅਤੇ ਲੋਕ ਸੰਪਰਕ ਅਧਿਕਾਰੀ ਲਾਇਨ ਜਤਿੰਦਰ ਗੋਇਲ ਨੇ ਦੱਸਿਆ ਕਿ ਕੈਂਪ ਸਬੰਧੀ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਲੱਬ ਦੇ ਮੀਤ ਪ੍ਰਧਾਨ ਅਤੇ ਕੈਂਪ ਦੇ ਪ੍ਰੋਜੈਕਟ ਮੁਖੀ ਲਾਇਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਲਾਇਨ ਸ਼ਿਵ ਸਿੰਗਲਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਅਤੇ ਭਵਿੱਖ ਵਿੱਚ ਵੀ ਕਲੱਬ ਵੱਲੋਂ ਸਿਹਤ, ਸਿੱਖਿਆ, ਵਾਤਾਵਰਣ ਸੰਭਾਲ ਅਤੇ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਕਲੱਬ ਤੇ ਹਸਪਤਾਲ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।