- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈ (ਐਮਐਲ) ਰੈੱਡ ਸਟਾਰ ਵੱਲੋਂ ਐੱਸਆਈਆਰ ਦੇ ਵਿਰੋਧ 'ਚ ਰੋਸ ਮਾਰਚ, ਮੁੱਖ ਚੋਣ ਕਮਿਸ਼ਨਰ ਦੀ ਫੂਕੀ ਅਰਥੀ

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸੀਪੀਆਈ (ਐੱਮਐੱਲ) ਰੈੱਡ ਸਟਾਰ ਵੱਲੋਂ ਪਾਰਟੀ ਦੇ ਸੂਬਾ ਸਕੱਤਰ ਲਾਭ ਸਿੰਘ ਅਕਲੀਆ ਦੀ ਅਗਵਾਈ ਹੇਠ ਤਪਾ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਗਿਆ। ਇਸ ਉਪਰੰਤ ਪੁਰਾਣੇ ਬੱਸ ਸਟੈਂਡ ਤਪਾ ਵਿਖੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ “ਵੋਟ ਚੋਰ-ਗੱਦੀ ਛੱਡ”, “ਫਾਸ਼ੀਵਾਦੀ ਗੁੰਡਾ ਰਾਜ-ਮੁਰਦਾਬਾਦ” ਤੇ “ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਚਲਦਾ ਕਰੋ” ਸਮੇਤ ਹੋਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸੰਵਿਧਾਨ ਤੇ ਜਮਹੂਰੀ ਹੱਕਾਂ ਉੱਪਰ ਹੋ ਰਹੇ ਮਨੂੰਵਾਦੀ ਤੇ ਫਾਸ਼ੀਵਾਦੀ ਹਮਲੇ ਬੰਦ ਕੀਤੇ ਜਾਣ ਤੇ ਵੋਟ ਦੇ ਅਧਿਕਾਰ ਨੂੰ ਖੋਹਣ ਵਾਲੀ ਐੱਸਆਈਆਰ ਦੀ ਪ੍ਰਕਿਰਿਆ ਰੱਦ ਕੀਤੀ ਜਾਵੇ। ਉਨ੍ਹਾਂ ਈਵੀਐੱਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਤੇ ਸੰਵਿਧਾਨਕ ਤੇ ਜਮਹੂਰੀ ਹੱਕਾਂ ਦੀ ਬਹਾਲੀ ਲਈ ਸੰਘਰਸ਼ ਤੇਜ਼ ਕਰਨ ਦੀ ਗੱਲ ਵੀ ਕਹੀ। ਇਸ ਤੋਂ ਇਲਾਵਾ, ਉਨ੍ਹਾਂ ਜੀ-ਰਾਮ-ਜੀ ਨੂੰ ਬੰਦ ਕਰਕੇ ਪੁਰਾਣੀ ਮਨਰੇਗਾ ਯੋਜਨਾ ਬਹਾਲ ਕਰਨ, ਦਿਹਾੜੀ 780 ਰੁਪਏ ਕਰਨ, ਹਰੇਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਮਨਰੇਗਾ ਤਹਿਤ ਕੰਮ ਦੇਣ ਤੇ ਕੰਮ ਦੀ ਅਦਾਇਗੀ 15 ਦਿਨਾਂ ਦੇ ਅੰਦਰ ਕਰਨ ਦੀ ਮੰਗ ਰੱਖੀ।