ਪਿੰਡ ਸਹੌਰ ਦੇ ਖੇਤਾਂ ’ਚ ਚੋਰੀ,ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਪਿੰਡ ਸਹੌਰ ਦੇ ਖੇਤਾਂ ’ਚ ਚੋਰੀ,ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Fri, 09 Oct 2026 04:12 PM (IST)
Updated Date: Sat, 10 Oct 2026 04:02 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਸਹੌਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਪੰਜ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੁੱਲ 180 ਫੁੱਟ ਕੇਬਲ ਤਾਰ ਵੱਢ ਕੇ ਚੋਰੀ ਕਰ ਲਈ। ਇਸ ਸਬੰਧੀ ਪ੍ਰਧਾਨ ਗੁਰਜੰਟ ਸਿੰਘ ਸਹੌਰ, ਸੁਖਵਿੰਦਰ ਸਿੰਘ ਸਹੌਰ ਤੇ ਗਗਨਦੀਪ ਸਿੰਘ ਸਹੌਰ ਨੇ ਦੱਸਿਆ ਕਿ ਪਿੰਡ ਸਹੌਰ ਤੋਂ ਵਜੀਦਕੇ ਖੁਰਦ ਨੂੰ ਜਾਂਦੀ ਲਿੰਕ ਸੜਕ ਉੱਪਰ ਸਥਿਤ ਕਿਸਾਨਾਂ ਦੇ ਖੇਤਾਂ ’ਚ ਚੋਰਾਂ ਨੇ ਹਨੇਰੀ ਰਾਤ ਦਾ ਫਾਇਦਾ ਉਠਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸਾਨ ਗੁਰਜੰਟ ਸਿੰਘ ਪੁੱਤਰ ਬਸੰਤ ਸਿੰਘ ਦੀ ਮੋਟਰ ਤੋਂ 20 ਫੁੱਟ, ਸਰਪੰਚ ਲਖਬੀਰ ਸਿੰਘ ਦੀ ਮੋਟਰ ਤੋਂ 50 ਫੁੱਟ, ਮਹਿੰਦਰ ਸਿੰਘ ਪੁੱਤਰ ਚਰਨ ਸਿੰਘ ਦੀ ਮੋਟਰ ਤੋਂ 20 ਫੁੱਟ, ਸੁਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦੀ ਮੋਟਰ ਤੋਂ 50 ਫੁੱਟ ਤੇ ਠਾਕੁਰ ਸਿੰਘ ਪੁੱਤਰ ਸੁਲੱਖਣ ਸਿੰਘ ਦੀ ਮੋਟਰ ਤੋਂ 40 ਫੁੱਟ ਕੇਬਲ ਤਾਰ ਵੱਢ ਕੇ ਚੋਰੀ ਕੀਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਪਸ਼ੂਆਂ ਲਈ ਹਰਾ ਚਾਰਾ ਲੈਣ ਤੇ ਫ਼ਸਲਾਂ ਦੀ ਦੇਖਭਾਲ ਕਰਨ ਲਈ ਖੇਤਾਂ ’ਚ ਪਹੁੰਚੇ ਤਾਂ ਮੋਟਰਾਂ ਵਾਲੀਆਂ ਕੋਠੀਆਂ ਕੋਲ ਜਾ ਕੇ ਦੇਖਿਆ ਕਿ ਕੇਵਲ ਤਾਰਾਂ ਵੱਢੀਆਂ ਹੋਈਆਂ ਸਨ।ਕਿਸਾਨ ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਖੇਤਾਂ ’ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰਨ ਕਾਰਨ ਕਿਸਾਨ ਆਪਣੀਆਂ ਮੋਟਰਾਂ ਤੇ ਖੇਤੀਬਾੜੀ ਦੇ ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਇਸ ਮੌਕੇ ਪਿੰਡ ਸਹੌਰ ਦੇ ਸਰਪੰਚ ਲਖਬੀਰ ਸਿੰਘ ਸਹੌਰ ਨੇ ਕਿਹਾ ਕਿ ਪਿੰਡ ਦੇ ਰਕਬੇ ’ਚ ਚੋਰ ਗਰੋਹ ਦੀਆਂ ਸਰਗਰਮੀਆਂ ਕਾਰਨ ਕਿਸਾਨਾਂ ’ਚ ਸਹਿਮ ਦਾ ਮਾਹੌਲ ਹੈ।ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਸਾਰੀਆਂ ਘਟਨਾਵਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤੇ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਈ ਜਾਵੇ।