- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਲਹੌਜ਼ੀ ’ਚ 34ਵੀਂ ਰਾਮ ਸਰੂਪ ਅਣਖੀ ਸਮ੍ਰਿਤੀ ਕਥਾ ਗੋਸ਼ਟੀ ਦਾ ਤਿੰਨ ਰੋਜ਼ਾ ਸਮਾਗਮ ਕਰਵਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡਲਹੌਜ਼ੀ ਦੇ ਯੂਥ ਹੋਸਟਲ ’ਚ ‘ਕਹਾਣੀ ਪੰਜਾਬ’ ਵੱਲੋਂ 34ਵੀਂ ਰਾਮ ਸਰੂਪ ਅਣਖੀ ਸਮ੍ਰਿਤੀ ਕਥਾ ਗੋਸ਼ਟੀ ਦਾ ਤਿੰਨ ਰੋਜ਼ਾ ਸਮਾਰੋਹ 2 ਤੋਂ 4 ਅਕਤੂਬਰ ਤੱਕ ਕਰਵਾਇਆ ਗਿਆ। ਸਮਾਗਮ ਭਾਰਤੀ ਭਾਸ਼ਾ ਵਿਭਾਗ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋ. ਡਾ. ਕ੍ਰਾਂਤੀਪਾਲ ਵੱਲੋਂ ਕੀਤਾ ਗਿਆ। ਇਹ ਕਥਾ ਗੋਸ਼ਟੀ ਪਿਛਲੇ 33 ਸਾਲਾਂ ਤੋਂ ਵੱਖ-ਵੱਖ ਭਾਰਤੀ ਭਾਸ਼ਾਵਾਂ ’ਚ ਲਿਖੀ ਜਾ ਰਹੀ ਕਹਾਣੀ ਤੇ ਕਹਾਣੀਕਾਰਾਂ ਲਈ ਮੰਚ ਵਜੋਂ ਕਰਵਾਈ ਜਾਂਦੀ ਰਹੀ ਹੈ। ਇਸ ਦੀ ਸ਼ੁਰੂਆਤ ਪ੍ਰਸਿੱਧ ਕਥਾਕਾਰ ਰਾਮ ਸਰੂਪ ਅਣਖੀ ਨੇ ਕੀਤੀ ਸੀ। ਗੋਸ਼ਟੀ ਦੀ ਸ਼ੁਰੂਆਤ ਸੰਚਾਲਕ, ਕਥਾਕਾਰ ਤੇ ‘ਸਮਕਾਲੀ ਸਾਹਿਤ’ ਦੇ ਸੰਪਾਦਕ ਕੇਸਰਾ ਰਾਮ ਨੇ ਕੀਤੀ। ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋ. ਡਾ. ਅਬਦੁਲ ਬਿਸਮਿੱਲਾ ਨੇ ਕੀਤੀ। ਉਨ੍ਹਾਂ ਕਿਹਾ ਕਿ ਰਾਮ ਸਰੂਪ ਅਣਖੀ ਪੰਜਾਬੀ ਸਾਹਿਤ ਦੇ ਮਹੱਤਵਪੂਰਨ ਕਥਾਕਾਰ ਸਨ, ਜਿਨ੍ਹਾਂ ਦੀਆਂ ਰਚਨਾਵਾਂ ਹੋਰ ਭਾਰਤੀ ਭਾਸ਼ਾਵਾਂ ’ਚ ਵੀ ਪੜ੍ਹੀਆਂ ਤੇ ਅਨੁਵਾਦ ਕੀਤੀਆਂ ਗਈਆਂ। ਉਹ ਪ੍ਰੇਮਚੰਦ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਾਲੇ ਕਥਾਕਾਰ ਸਨ।
ਗੋਸ਼ਟੀ ਦੌਰਾਨ ਹਰਦੀਪ ਸਿੰਘ ਦੀਪ, ਡੋਲੀ ਟਿੱਕੂ ਅਰਵਲ, ਰਾਜ ਰਾਹੀ, ਰਾਮੇਸਰ ਗੋਦਾਰਾ, ਅਬਦੁਰ ਰਹਿਮਾਨ ਸਫ਼ੀ, ਗੁਰਮੀਤ ਕੜਿਆਲਵੀ, ਦਿਨੇਸ਼ ਕਰਨਾਟਕ, ਕਮਲ ਰਾਂਚੀ, ਜਗਦੀਪ ਦੁਬੇ ਤੇ ਬਲਵਿੰਦਰ ਬੁਲੇਟ ਨੇ ਪੰਜਾਬੀ, ਕਸ਼ਮੀਰੀ, ਡੋਗਰੀ, ਰਾਜਸਥਾਨੀ, ਉਰਦੂ ਤੇ ਹਿੰਦੀ ਭਾਸ਼ਾਵਾਂ ਦੀਆਂ ਕਹਾਣੀਆਂ ਦਾ ਪਾਠ ਕੀਤਾ। ਕਹਾਣੀਆਂ ’ਚ ਆਪਸੀ ਸੰਬੰਧਾਂ, ਸਮਕਾਲੀ ਰਾਜਨੀਤਕ ਤੇ ਸਮਾਜਿਕ ਸਥਿਤੀਆਂ, ਵਿਸਥਾਪਨ ਤੇ ਪ੍ਰਵਾਸ ਵਰਗੇ ਵਿਸ਼ੇ ਪ੍ਰਮੁੱਖ ਰਹੇ। ਵਿਚਾਰ-ਵਟਾਂਦਰੇ ’ਚ ਡਾ. ਮੁਕੇਸ਼ ਮਿਰੋਠਾ, ਅਰੁਣ ਕੁਮਾਰ ਅਸਫਲ, ਡਾ. ਸਤਨਾਮ ਸਿੰਘ ਜੱਸਲ, ਹਰੀਸ਼, ਦੀਪ, ਜਗਦੀਪ, ਭੁਪਿੰਦਰ ਸਿੰਘ ਬੇਦੀ, ਪ੍ਰੋ. ਨੀਲਾਭ, ਕਮਲ, ਜਗਦੀਪ ਦੁਬੇ, ਸਰਬਜੀਤ ਸਵਾਮੀ, ਦਇਆ ਸਿੰਘ ਤੇ ਭਾਰਤੀ ਦੱਤ ਸਮੇਤ ਹੋਰ ਸਾਹਿਤਕਾਰਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ। ਡਾ. ਅਬਦੁਲ ਬਿਸਮਿੱਲਾ ਨੇ ਕਹਾਣੀਕਾਰਾਂ ਨੂੰ ਨਵੇਂ ਵਿਸ਼ਿਆਂ ਦੀ ਚੋਣ, ਵੱਧ ਤੋਂ ਵੱਧ ਪੜ੍ਹਨ ਤੇ ਲੋਕਾਂ ਨਾਲ ਜੁੜਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਹਾਣੀ ’ਚ ਕਹਾਣੀਪਨ ਨੂੰ ਅੰਤ ਤੱਕ ਕਾਇਮ ਰੱਖਣਾ ਤੇ ਲੰਮੇ ਸਮੇਂ ਤੱਕ ਪ੍ਰਸੰਗਿਕ ਰਹਿਣ ਵਾਲੇ ਵਿਸ਼ਿਆਂ ਨੂੰ ਰਚਨਾ ਦਾ ਆਧਾਰ ਬਣਾਉਣਾ ਜ਼ਰੂਰੀ ਹੈ। ਅੰਤ ’ਚ ਡਾ. ਕ੍ਰਾਂਤੀਪਾਲ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਤੇ ਭਾਗ ਲੈਣ ਵਾਲੇ ਸਾਹਿਤਕਾਰਾਂ ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ।