ਕਿਸਾਨਾਂ ਦੇ ਜ਼ਿਲ੍ਹਾ ਪੱਧਰੀ ਘਿਰਾਓ ਦੇ ਐਲਾਨ ਮਗਰੋਂ ਪ੍ਰਸ਼ਾਸਨ ਹਾਈ ਅਲਰਟ ਕਿਸਾਨਾਂ ਦੇ ਜ਼ਿਲ੍ਹਾ ਪੱਧਰੀ ਘਿਰਾਓ ਦੇ ਐਲਾਨ ਮਗਰੋਂ ਪ੍ਰਸ਼ਾਸਨ ਹਾਈ ਅਲਰਟ
Publish Date: Mon, 05 Oct 2026 04:45 PM (IST)
Updated Date: Tue, 06 Oct 2026 04:03 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਘਿਰਾਓ ਦੇ ਐਲਾਨ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸਾਨਾਂ ਦੇ ਪ੍ਰਦਰਸ਼ਨ ਦੇ ਚਲਦਿਆਂ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਸਮੇਤ ਹੋਰ ਅਧਿਕਾਰੀਆਂ ਦੇ ਦਫ਼ਤਰਾਂ ’ਚ ਆਮ ਦਿਨਾਂ ਵਾਲੀ ਚਹਿਲ-ਪਹਿਲ ਨਜ਼ਰ ਨਹੀਂ ਆਈ। ਅਧਿਕਾਰੀਆਂ ਨੇ ਆਪਣੇ ਸਰਕਾਰੀ ਦਫ਼ਤਰਾਂ ਦੀ ਬਜਾਏ ਸਰਕਾਰੀ ਰਿਹਾਇਸ਼ਾਂ ਤੋਂ ਹੀ ਕੰਮਕਾਜ ਚਲਾਇਆ। : ਡੀਸੀ, ਏਡੀਸੀ ਤੇ ਐੱਸਡੀਐੱਮ ਦਫ਼ਤਰ ਸੁੰਨੇ ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀ ਵੱਲੋਂ ਜ਼ਿਲ੍ਹਾ ਪੱਧਰ ’ਤੇ ਪ੍ਰਸ਼ਾਸਨਿਕ ਦਫ਼ਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਡੀਸੀ ਦਫ਼ਤਰ, ਏਡੀਸੀ ਦਫ਼ਤਰ ਤੇ ਐੱਸਡੀਐੱਮ ਦਫ਼ਤਰ ਦੇ ਬਾਹਰ ਸੁੰਨਸਾਨ ਛਾਈ ਰਹੀ ਤੇ ਆਮ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਉਧਰ, ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਿਸਾਨਾਂ ਨੂੰ ਅਧਿਕਾਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਤੱਕ ਪਹੁੰਚਣ ਤੋਂ ਰੋਕਣ ਲਈ ਵੱਖ-ਵੱਖ ਥਾਵਾਂ ’ਤੇ ਲੋਹੇ ਦੇ ਬੈਰੀਅਰ ਲਗਾਏ ਗਏ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਮੇਤ ਜੁਡੀਸ਼ੀਅਲ ਸਟਾਫ ਦੀਆਂ ਸਰਕਾਰੀ ਕੋਠੀਆਂ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕੀਤਾ ਗਿਆ। ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡੀਆ ਵੱਲ ਜਾਣ ਵਾਲੇ ਰਸਤੇ ਤੇ ਐੱਸਐੱਸਪੀ ਦੀ ਸਰਕਾਰੀ ਕੋਠੀ ਵੱਲ ਜਾਣ ਵਾਲੀ ਸੜਕ ’ਤੇ ਵੀ ਬੈਰੀਅਰ ਲਗਾ ਕੇ ਆਵਾਜਾਈ ਨੂੰ ਰੋਕਿਆ ਗਿਆ। ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਥਾਵਾਂ ’ਤੇ ਪੁਖਤਾ ਪ੍ਰਬੰਧ ਕੀਤੇ ਗਏ। ਡੀਸੀ ਦਫ਼ਤਰਾਂ ਅੰਦਰ ਸਾਰਾ ਦਿਨ ਜਿੰਦਰੇ ਲੱਗੇ ਰਹੇ। ਉੱਧਰ ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਮੰਗਾਂ ਦਾ ਢੁੱਕਵਾਂ ਹੱਲ ਨਾ ਕੀਤੇ ਜਾਣ ਕਾਰਨ ਘਿਰਾਓ ਦਾ ਰਾਹ ਅਖਤਿਆਰ ਕਰਨਾ ਪਿਆ। ਦੂਜੇ ਪਾਸੇ, ਬੈਰੀਕੇਡਿੰਗ ਕਾਰਨ ਬੈਂਕ ਅਤੇ ਹੋਰ ਦਫ਼ਤਰਾਂ ਵਿੱਚ ਜਾਣ ਵਾਲੇ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਵਲੋਂ ਕੀਤੇ ਗਏ ਰੋਡ ਜਾਮ ਤੋਂ ਬਾਅਦ ਲੰਮਾਂ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।