ਚਟਕਾਰੇ : ਅੱਖੀ ਸੁਣਿਆ, ਕੰਨੀ ਦੇਖਿਆ ਚਟਕਾਰੇ : ਅੱਖੀ ਸੁਣਿਆ, ਕੰਨੀ ਦੇਖਿਆ
Publish Date: Sat, 03 Oct 2026 05:18 PM (IST)
Updated Date: Sun, 04 Oct 2026 04:05 AM (IST)
ਆ ਲੈ ਚੱਕ ਮੈਂ ਆ ਗਿਆ, ਪਿਓ ਦਾ ਪੁੱਤ ਬਣ ਕੇ! ਪੰਡਿਤ ਜੀ ਨੇ ਆਪ ਨੇਤਾ ਜੀ ਦੇ ਚੈਲੰਜ ਦੀ ਧੂੜ ਝਾੜ ਦਿੱਤੀ। ਚੈਲੰਜ ’ਤੇ ਮਿੱਟੀ ਪਾ ਕੇ, ਬਾਦਲ ਸਾਬ੍ਹ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇ ਤੇ ‘ਆਪ’ ਸਰਕਾਰ ਦੀ ਸਿਹਤ-ਸਿੱਖਿਆ ਕ੍ਰਾਂਤੀ ਦੇ ਨੱਕ ’ਚ ਦਮ ਕਰ ਛੱਡਿਆ। ਲਓ ਜੀ! ਸਿਹਤ ਕ੍ਰਾਂਤੀ ਦੀ ਤਾਂ ਹਵਾ ਨਿਕਲ ਗਈ,ਹਸਪਤਾਲਾਂ ’ਚ ਡਾਕਟਰ ਦੀਵਾ ਬਾਲ ਕੇ ਵੀ ਨਹੀਂ ਲੱਭਦੇ ਤੇ ਬਲੱਡ ਬੈਂਕਾਂ ’ਤੇ ਤਾਲੇ ਜੜੇ ਪਏ ਆ। ਸਿੱਖਿਆ ਕ੍ਰਾਂਤੀ ਦਾ ਹਾਲ ਇਹ ਬਈ ਬਾਥਰੂਮਾਂ ’ਤੇ ਵੀ ਮਿਸਤਰੀਆਂ ਦੀ ਥਾਂ ਮੰਤਰੀਆਂ ਦੇ ਨਾਂ ਦੀਆਂ ਤਖ਼ਤੀਆਂ ਠੋਕ ਕੇ ਫ਼ੋਕੇ ਫ਼ਰਾਟੇ ਮਾਰੇ ਜਾ ਰਹੇ ਨੇ। ਹੁਣ ਜਥੇਦਾਰ ਹੋਰੀਂ ਲੱਕ ਬੰਨ੍ਹ ਕੇ ਕਹਿੰਦੇ,,‘ਕਲੱਬਾਂ ਛੱਡ ਹੁਣ ਪਿੰਡਾਂ ਦੀਆਂ ਸੱਥਾਂ ’ਚ ਗੋਡਾ ਧਰਾਂਗੇ। ਘੰਟੇ ਬਾਅਦ ਲਾਈਵ ਹੋ ਕੇ ਨੇਤਾ ਜੀ ਨੂੰ ਲੰਮੇ ਹੱਥੀਂ ਲੈਂਦੇ ਬੋਲੇ, ‘ਦੱਸੋ ਬਈ, ਜ਼ਿਲ੍ਹੇ ’ਚ ਕੋਈ ਕਾਲਜ, ਹਸਪਤਾਲ ਜਾਂ ਸਟੇਡੀਅਮ ਦਿਨ-ਦੀਵੀਂ ਬਣਾਇਆ ਵੀ ਏ ਕਿ ਸਭ ਹਵਾ ’ਚ ਤੀਰ ਹੀ ਛੱਡੇ ਆ? ਜੇ ਲੁਕੋ ਕੇ ਰੱਖਿਆ ਏ ਤਾਂ ਵਿਖਾ ਦਿਓ, ਅਸੀਂ ਵੀ ‘ਆਪ’ ਜੀ ਦੀ ਧੰਨ-ਧੰਨ ਕਰਾਈਏ!’ ------------------------- ਸਰਕਾਰੀ ਖਾਤੇ ਦਾ ‘ਗੁੱਝਾ ਰੋੜਾ’ ਲਓ ਜੀ, ਗੱਲ ਇਉਂ ਏ ਭਾਈ... ਇੱਥੇ ਹਸਪਤਾਲ ਬਣਨਾ ਕੇ ਸਟੇਡੀਅਮ, ਇਹ ਤਾਂ ‘ਦਿੱਲੀ ਅਜੇ ਦੂਰ ਏ’ ਵਾਲਾ ਹਿਸਾਬ ਹੈ। ਪਰ ਬਿਨਾਂ ਹਿੰਗ ਲੱਗੇ ਤੇ ਬਿਨਾਂ ਫਟਕੜੀ, ਕਰੋੜਾਂ ਦੀ ਪੈਲੀ ’ਤੇ ਲੱਖਾਂ ਦਾ ਕਿਰਾਇਆ ਕੌਣ ‘ਮੁੱਛਾਂ ਨੂੰ ਤਾਅ ਦੇ ਕੇ’ ਡਕਾਰ ਗਿਆ, ਇਸ ਗੁੱਥੀ ’ਤੇ ਤਾਂ ‘ਅੰਨ੍ਹੇ ਅੱਗੇ ਰੋਣਾ, ਆਪਣੇ ਦੀਦੇ ਖੋਹਣਾ’ ਵਾਲੀ ਗੱਲ ਬਣੀ ਪਈ ਹੈ! ਜ਼ਮੀਨ ਉੱਤੇ ਲੁੱਕ ਪਲਾਂਟ, ਰੋੜੀ ਕੁੱਟ, ਕੂੜੇ ਦਾ ਢੇਰ ਤੇ ਹਾਈਵੇ ਦਾ ਮਲਬਾ ਏਦਾਂ ਸਜਾਇਆ ਪਿਐ, ਜਿਵੇਂ ਦਾਜ ਦਾ ਸਾਮਾਨ ਹੁੰਦਾ। ਸਰਕਾਰੀ ਖਜ਼ਾਨੇ ’ਚੋਂ ਤਾਂ ‘ਊਠ ਦੇ ਮੂੰਹ ’ਚ ਜੀਰੇ’ ਵਾਂਗ ਪੈਸਾ ਰੁੜ੍ਹਿਆ ਜਾ ਰਿਹਾ, ਪਰ ਸਾਡੇ ਅਫ਼ਸਰ ਸਾਹਿਬਾਨ ‘ਕਬੂਤਰ ਵਾਂਗ ਅੱਖਾਂ ਮੀਚ ਕੇ’ ਬੈਠੇ ਨੇ,, ਦੱਸੋ ਭਲਾ ! ਨੋਟਿਸ ਕੱਢਣ ਲੱਗਿਆਂ ਤਾਂ ਜਿਵੇਂ ਹੱਥਾਂ ਨੂੰ ਛਾਲੇ ਪੈੰਦੇ ਨੇ! ਆਸਾ ਵਾਲੇ ਦੀਵੇ ਵੀ ‘ਚੋਰ ਨਾਲੋਂ ਪੰਡ ਕਾਹਲੀ’ ਵਾਂਗ ਹਰ ਵਾਰ ਜਾਂਚ ਦਾ ਬਹਾਨਾ ਮਾਰ ਕੇ ਇੱਦਾਂ ਪੱਲਾ ਝਾੜ ਜਾਂਦੇ ਨੇ, ਜਿਵੇਂ ਚੁਣੇ ਨੁਮਾਇੰਦੇ ਤੇ ਅਧਿਕਾਰੀ ਦੁੱਧ ਧੋਤੇ ਹੋਣ। ਹੁਣ ਤਾਂ ‘ਜਿਨ੍ਹਾਂ ਖਾਧੀਆਂ ਗਾਜਰਾਂ, ਢਿੱਡ ਉਨ੍ਹਾਂ ਦੇ ਪੀੜ’ ਵਾਲੀ ਗੱਲ ਏ, ਦੇਖੋ ਹੁਣ ਕੌਣ, ਕਦੋਂ ਤੇ ਕਿਵੇਂ ਇੱਥੇ ਬੈਨਰ ਟੰਗ ਕੇ ‘ਆਪਣਾ ਉੱਲੂ ਸਿੱਧਾ’ ਕਰਦਾ! ----------------------------- ਸਿਆਸਤ ਦੇ ਵਹਿਣ ’ਚ ਗਿੱਲ ਰੌਂਤਾ ਕਲਾ ਦੇ ਵਣਜਾਰਿਆਂ ਨੂੰ ਸਿਆਸਤ ਦੀ ਗੱਦੀ ਬਹੁਤੀ ‘ਫਿੱਟ’ ਨਹੀਂ ਬੈਠਦੀ। ਇਤਿਹਾਸ ਗਵਾਹ ਏ,,ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੋਂ ਲੈ ਕੇ ਉਨ੍ਹਾਂ ਦੇ ਹੀ ਕੋੜਮੇ ’ਚੋਂ ਕਰਮਜੀਤ ਅਨਮੋਲ ਵਰਗੇ ਵੱਡੇ-ਵੱਡੇ ਧੁਰੰਤਰਾਂ ਦੇ ਸਿਆਸਤ ‘ਰਾਸ ਨਹੀਂ ਆਈ’ ਤੇ ਉਨ੍ਹਾਂ ਨੂੰ ਅਖੀਰ ‘ਪਿਛਲੇ ਪੈਰੀਂ ਮੋੜਾ’ ਹੀ ਖਾਣਾ ਪਿਆ। ਹਾਂ, ਮੁਹੰਮਦ ਸਦੀਕ ਵਰਗੇ ਹਰਫ਼ਨਮੌਲਾ ਕਲਾਕਾਰਾਂ ਨੇ ਵਿਧਾਨ ਸਭਾ ਤੋਂ ਲੋਕ ਸਭਾ ਤੱਕ ਆਪਣੀ ਤੂੰਬੀ ਜ਼ਰੂਰ ਵਜਾਈ ਏ, ਪਰ ਸਭ ਤੋਂ ਵੱਧ ‘ਪੰਜੇ ਉਂਗਲਾਂ ਘਿਓ ’ਚ’ ਭਗਵੰਤ ਮਾਨ ਦੀਆਂ ਆਈਆਂ, ਜਿਨ੍ਹਾਂ ਨੇ ਕਲਾਕਾਰੀ ਨਾਲੋਂ ਵੱਧ ਰਾਜਨੀਤੀ ’ਚ ਨਾਮਨਾ ਖੱਟ ਕੇ ‘ਝੰਡੇ ਗੱਡੇ’ ਹਨ। ਹੁਣ ਗਿੱਲ ਰੌਂਤੇ ਦਾ ਸਿਆਸਤ ਦੇ ਇਸ ਵਹਿਣ ’ਚ ਚੁੱਭੀ ਲਾਉਣਾ ‘ਖੰਡੇ ਦੀ ਧਾਰ ’ਤੇ ਚੱਲਣ’ ਵਾਂਗੂੰ ਏ। ਅਸੀਂ ਤਾਂ ਉਨ੍ਹਾਂ ਦੇ ਸਿਆਸਤ ’ਚ ਆਉਣ ’ਤੇ ਖੁਸ਼ਆਮਦੀਦ ਹੀ ਆਖਦੇ ਹਾਂ, ਪਰ ਹੁਣ ਵੇਖਣਾ ਇਹ ਹੋਊ ਕਿ ਉਹ ‘ਗੱਲਾਂ ਦੇ ਖੜਕਾਓ’ ਨਾਲ ਹੀ ਸਾਰਦੇ ਨੇ ਜਾਂ ਲੋਕਾਂ ਦੇ ਦੁੱਖ-ਦਰਦ ਵੰਡਾ ਕੇ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਕਰਦੇ ਨੇ, ਕਿਉਂਕਿ ਸਿਆਸਤ ਦੇ ਡੂੰਘੇ ਪਾਣੀਆਂ ’ਚ ‘ਬਿਨਾਂ ਪੱਤਣੋਂ ਤਰਨਾ’ ਸੁਖਾਲਾ ਨਹੀਂ ਹੁੰਦਾ! ,,, ਉਹਨਾਂ ਦੇ ਸਿਰ ਸਜੀ ਦਸਤਾਰ ਦੱਸ ਰਹੀ ਹੈ, ਕਿ ਉਹ ‘ਅਕਾਲੀ ਦਲ ਵਾਰਸ ਪੰਜਾਬ ਦੇ’ ਝੋਲੀ ਪੈ ਸਕਦੇ ਹਨ। ---------------------------- ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ,,, ਪੰਡਿਤ ਵੱਲੋਂ ‘ਪਿਓ ਦਾ ਪੁੱਤ’ ਬਣ ਕੇ ਮੀਡੀਆ ਅੱਗੇ ਆਉਣ ਦੇ ਠੋਕਵੇਂ ਚੈਲੰਜ ਤੋਂ ਬਾਅਦ, ਅਕਾਲੀ ਜਥੇਦਾਰ ਨੇ ਵੀ ਨੇਤਾ ਦਾ ਚੈਲੰਜ ‘ਚੁੱਕ ਕੇ ਝੋਲੀ ਪਾ ਕਿਹਾ ਛੱਡੋ ਪਰ੍ਹੇ’ ਬੈਨਰਾਂ ਦਾ ‘ਫੋਕਾ ਢੰਡੋਰਾ’! ‘ਪਹਿਲਾਂ ਆਓ, ਪਹਿਲਾਂ ਪਾਓ’ ਆਲੀ ਸਕੀਮ ਤਾਂ ਅਸੀਂ ਆਪ ਨੇਤਾ ਸਾਬ੍ਹ ਦੀ ਝੋਲੀ ਪਾਉਂਦੇ ਆਂ। ਹੱਥ ਬੰਨ੍ਹ ਕੇ ਅਰਜ਼ ਏ,,ਜ਼ਰਾ ਸਾਢੇ ਚਾਰ ਸਾਲਾਂ ਦੇ ਵਿਕਾਸ ਦੀ ਸੂਰਤ ਤਾਂ ਦਿਖਾਓ! ਬਰਨਾਲੇ ’ਚ ਕੋਈ ਵੱਡਾ ਡਾਕਟਰਖਾਨਾ, ਯੂਨੀਵਰਸਿਟੀ ਜਾਂ ਖੇਡਾਂ ਆਲਾ ਮੈਦਾਨ ਬਣਾਇਆ ਹੋਵੇ ਤਾਂ ਫੋਟੋਆਂ ਲਾ ਕੇ ਚਮਕਾਓ। ‘ਦੀਵਾ ਧਰ ਕੇ’ ਲੱਭਿਆਂ ਵੀ ਜੇ ਕੁਝ ਥਿਆ ਜਾਵੇ! ਕੱਲੇ ਬੈਨਰ ਟੰਗ ਕੇ ‘ਹਵਾ ’ਚ ਤੀਰ’ ਛੱਡਣ ਨਾਲ ਵਿਕਾਸ ਨਈਂ ਹੁੰਦਾ, ‘ਗੱਲਾਂ ਨਾਲ ਖੀਰ ਨਈਂ ਪੱਕਦੀ’!,,, ਮੇਹਣੋ ਮੇਹਣੀ ਹੁੰਦਿਆਂ ਜਥੇਦਾਰਾਂ ਨੇ ਆਪ ਕਹਿ ਦਿੱਤਾ,ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ,,, ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ