- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਥਲੈਟਿਕਸ ਮੁਕਾਬਲਿਆਂ ’ਚ ਐਸਬੀਐਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : ਐੱਸਬੀਐੱਸ ਪਬਲਿਕ ਸਕੂਲ, ਸੁਰਜੀਤਪੁਰਾ ਲਈ ਇਹ ਬਹੁਤ ਹੀ ਮਾਣ ਤੇ ਖੁਸ਼ੀ ਦਾ ਮੌਕਾ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅ ਸਖ਼ਤ ਮੁਕਾਬਲੇ ’ਚ ਐੱਸਬੀਐੱਸ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਜੈਵਲਿਨ ਥ੍ਰੋ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀ ਸ਼ਾਨਵੀਰ, ਜਮਾਤ 8ਵੀਂ ਨੇ ਆਪਣੀ ਸ਼ਾਨਦਾਰ ਖੇਡ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਪ੍ਰਾਪਤ ਕੀਤਾ। ਇਸੇ ਮੁਕਾਬਲੇ ’ਚ ਸਕੂਲ ਦੀ ਹੋਣਹਾਰ ਵਿਦਿਆਰਥਣ ਗੁਰਲੀਨ ਕੌਰ, ਜਮਾਤ 8ਵੀਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਆਧਾਰ ’ਤੇ ਸ਼ਾਨਵੀਰ ਤੇ ਗੁਰਲੀਨ ਕੌਰ ਹੁਣ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲਿਆਂ ’ਚ ਭਾਗ ਲੈਣਗੇ। ਇਸ ਮੌਕੇ ਸਕੂਲ ਦੇ ਡੀਪੀਈ ਰਣਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ’ਚ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਨਿਯਮਤ ਅਭਿਆਸ, ਸਹੀ ਮਾਰਗਦਰਸ਼ਨ ਤੇ ਲਗਨ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਖਿਡਾਰੀਆਂ ਵੱਲੋਂ ਜ਼ਿਲ੍ਹਾ ਪੱਧਰ ’ਤੇ ਪ੍ਰਾਪਤ ਕੀਤੀਆਂ ਇਹ ਉਪਲਬਧੀਆਂ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨਗੀਆਂ। ਪ੍ਰਿੰਸੀਪਲ ਕਮਲਜੀਤ ਕੌਰ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ।