- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਵੱਲੋਂ ਗਾਂਧੀ ਜਯੰਤੀ ਮੌਕੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਵਿਸ਼ੇਸ਼ ਸਫ਼ਾਈ ਅਭਿਆਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਤੇ ਪਿੰਡਾਂ ਦੀ ਨੁਹਾਰ ਬਦਲਣ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਤਹਿਤ, ਗਾਂਧੀ ਜਯੰਤੀ ਦੇ ਪਵਿੱਤਰ ਮੌਕੇ ’ਤੇ ਨਗਰ ਨਿਗਮ ਬਰਨਾਲਾ ਵੱਲੋਂ 22 ਏਕੜ ਕਾਲੋਨੀ ਸਥਿਤ ਅੰਬੇਡਕਰ ਪਾਰਕ ਵਿਖੇ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਅਭਿਆਨ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਤੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਸਿੰਘ ਭਾਰਦਵਾਜ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਚਲਾਇਆ ਗਿਆ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਗਰਵਾਲ ਵੈੱਲਫੇਅਰ ਬੋਰਡ ਦੇ ਚੇਅਰਮੈਨ ਮੱਖਣ ਲਾਲ ਗਰਗ ਤੇ ਸਮਾਜ ਸੇਵੀ (ਰਿਟਾਇਰਡ ਕਾਨੂੰਗੋ) ਰਾਜੇਸ਼ ਭੁਟਾਨੀ ਨੇ ਦੱਸਿਆ ਕਿ ਇਸਦਾ ਮੁੱਖ ਮਕਸਦ ਬਰਨਾਲਾ ਨੂੰ ਸਾਫ਼-ਸੁਥਰਾ ਤੇ ਹਰਾ-ਭਰਾ ਸ਼ਹਿਰ ਬਣਾਉਣਾ ਹੈ।
ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਸਫ਼ਾਈ ਪ੍ਰਤੀ ਵਿਚਾਰਾਂ ਤੋਂ ਪ੍ਰੇਰਣਾ ਲੈਂਦਿਆਂ ਸਵੇਰੇ ਨਗਰ ਨਿਗਮ ਦੀਆਂ ਟੀਮਾਂ, ਸਮਾਜ ਸੇਵੀ ਸੰਸਥਾਵਾਂ ਤੇ ਅਧਿਕਾਰੀਆਂ ਨੇ ਵੱਡੀ ਗਿਣਤੀ ’ਚ ਇਕੱਤਰ ਹੋ ਕੇ ਸ਼ਹਿਰ ਨੂੰ ਸਾਫ਼ ਰੱਖਣ ਦਾ ਅਹਿਦ ਲਿਆ। ਇਸ ਦੌਰਾਨ ਪਾਰਕ ਦੇ ਅੰਦਰੂਨੀ ਰਸਤਿਆਂ, ਆਲੇ-ਦੁਆਲੇ ਖਿੱਲਰੇ ਕੂੜੇ-ਕਰਕਟ ਤੇ ਸੜਕਾਂ ਕੰਢੇ ਪਈਆਂ ਮਿੱਟੀ ਦੀਆਂ ਢੇਰੀਆਂ ਨੂੰ ਚੁੱਕਿਆ ਗਿਆ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਵਧਣ ਦੇ ਨਾਲ-ਨਾਲ ਆਵਾਜਾਈ ਦੀ ਰੁਕਾਵਟ ਵੀ ਦੂਰ ਹੋਈ। ਇਸ ਮੌਕੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ। ਲੋਕਾਂ ਦੇ ਸਾਥ ਤੋਂ ਬਿਨਾਂ ਪੂਰਨ ਸਫ਼ਾਈ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਖੁੱਲ੍ਹੀਆਂ ਥਾਵਾਂ ’ਤੇ ਸੁੱਟਣ ਦੀ ਬਜਾਏ ਨਗਰ ਨਿਗਮ ਦੀਆਂ ਗੱਡੀਆਂ ’ਚ ਹੀ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਸੁਨੇਹਾ ਵੀ ਦਿੱਤਾ। ਨਗਰ ਨਿਗਮ ਦੇ ਇੰਸਪੈਕਟਰ ਅੰਕੁਸ਼ ਸਿੰਗਲਾ ਤੇ ਜਗਰਾਜ ਸਿੰਘ ਨੇ ਦੱਸਿਆ ਕਿ ਇਹ ਸਫ਼ਾਈ ਮੁਹਿੰਮ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਸ਼ਹਿਰ ਦੇ ਸੁੰਦਰੀਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।