- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਜਗਸੀਰ ਸਿੰਘ ਚੀਮਾ ਨੇ ਮਹਿਲ ਕਲਾਂ ਹਲਕੇ ਤੋਂ ‘ਆਪ’ ਦੀ ਟਿਕਟ ਲਈ ਦਾਅਵੇਦਾਰੀ ਠੋਕੀ

ਜਸਵੀਰ ਸਿੰਘ ਵਜੀਦਕੇ ,ਪੰਜਾਬੀ ਜਾਗਰਣ,
ਮਹਿਲ ਕਲਾਂ : ਆਮ ਆਦਮੀ ਪਾਰਟੀ (ਆਪ) ਨਾਲ ਪਿਛਲੇਂ ਲੰਮੇ ਸਮੇਂ ਤੋਂ ਜੁੜੇ ਪੜ੍ਹੇ-ਲਿਖੇ ਨੌਜਵਾਨ ਆਗੂ ਤੇ ਉਰਦੂ-ਫਾਰਸੀ ਦੇ ਮਾਹਰ ਡਾ. ਜਗਸੀਰ ਸਿੰਘ ਚੀਮਾ (ਐੱਮਏ. ਪੀਐੱਚਡੀ.) ਨੇ ਰਾਖਵੇਂ ਹਲਕੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ । ਡਾ. ਜਗਸੀਰ ਸਿੰਘ ਚੀਮਾ ਮੌਜੂਦਾ ਸਮੇਂ ’ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਫੀਸ ਰੈਗੂਲੈਟਰੀ ਕਮਿਸ਼ਨ ਦੇ ਮੈਂਬਰ ਤੇ ਜ਼ਿਲ੍ਹਾ ਹੈਲਥ ਕਮੇਟੀ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਸਬੰਧੀ ਡਾ. ਜਗਸੀਰ ਸਿੰਘ ਚੀਮਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਪਹਿਲਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਮਾਣ ਬਖਸ਼ਿਆ ਸੀ, ਜਿਸ ਨੂੰ ਉਨ੍ਹਾਂ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਪਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਹੈਲਥ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨੂੰ ਉਹ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮਿਲੇ ਮਾਣ ਲਈ ਉਹ ਹਮੇਸ਼ਾ ਪਾਰਟੀ ਦੇ ਸਦਾ ਰਿਣੀ ਰਹਿਣਗੇ। ਡਾ. ਚੀਮਾ ਨੇ ਪੰਜਾਬ ਦੀ ‘ਆਪ’ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ’ਚ ਇਮਾਨਦਾਰੀ, ਵਿਕਾਸ ਤੇ ਲੋਕ-ਪੱਖੀ ਪ੍ਰਸ਼ਾਸਨ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਆਮ ਜਨਤਾ ਦੇ ਭਲੇ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਆਪਣੀ ਦਾਅਵੇਦਾਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਰਿਜ਼ਰਵ ਹਲਕਾ ਮਹਿਲ ਕਲਾਂ ਤੋਂ ਟਿਕਟ ਦਿੰਦੀ ਹੈ, ਤਾਂ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪਾਰਟੀ ਉਨ੍ਹਾਂ ਦੀ ਕੋਈ ਹੋਰ ਡਿਊਟੀ ਵੀ ਲਗਾਉਂਦੀ ਹੈ, ਤਾਂ ਉਹ ਉਸ ਨੂੰ ਵੀ ਪੂਰਾ ਤਨੋ ਮਨੋ ਨਿਭਾਉਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ’ਚ ਦੁਬਾਰਾ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।
--------
ਪਿੰਡਾਂ ’ਚ ਮਿਸ਼ਨ 2027 ਦੇ ਪੋਸਟਰ ਲਗਾਏ
ਡਾ. ਜਗਸੀਰ ਸਿੰਘ ਚੀਮਾ ਨੇ ਸਿਰਫ਼ ਟਿਕਟ ਲਈ ਦਾਅਵੇਦਾਰੀ ਹੀ ਪੇਸ਼ ਨਹੀਂ ਕੀਤੀ ਬਲਕਿ ਉਨ੍ਹਾਂ ਦੀ ਟੀਮ ਵੱਲੋਂ ਮਹਿਲ ਕਲਾਂ ਦੇ ਹਰ ਪਿੰਡ ’ਚ ‘ਮਿਸ਼ਨ 2027’ ਦੇ ਪੋਸਟਰ ਵੀ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਮੁਨੀਸ ਸਿਸੋਧੀਆਂ ਤੇ ਮੁੱਖ ਮੰਤਰੀ ਦੇ ਓਐਸਡੀ ਸੁਖਵੀਰ ਸਿੰਘ ਤੇ ਡਾ. ਜਗਸੀਰ ਸਿੰਘ ਚੀਮਾ ਦੀਆਂ ਫੋਟੋਆਂ ਤੋਂ ਇਲਾਵਾ ‘ਪੰਜਾਬ ਦਾ ਇੱਕੋਂ ਨਾਅਰਾ ਭਗਵੰਤ ਮਾਨ ਦੁਬਾਰਾ’ ਲਿਖਿਆ ਹੋਇਆ ਹੈ। ਇਨ੍ਹਾਂ ਪੋਸਟਰਾਂ ਰਾਹੀ ਜਗਸੀਰ ਸਿੰਘ ਚੀਮਾ ਹਲਕੇ ਦੇ ਲੋਕਾਂ ’ਚ ਆਪਣੀ ਗੱਲ ਰੱਖਣ ’ਚ ਕਾਮਯਾਬ ਹੋਏ ਹਨ ਤੇ ਪਿੰਡਾਂ ’ਚ ਉਨ੍ਹਾਂ ਦੀ ਗੱਲ ਵੀ ਚੱਲ ਪਈ ਹੈ।
-------
ਪਿੰਡਾਂ ’ਚ ਨੁੱਕੜ ਮੀਟਿੰਗਾਂ ਤੇ ਟਕਸਾਲੀ ਆਗੂਆਂ ਨਾਲ ਸੰਪਰਕ ਮੁਹਿੰਮ ਸ਼ੁਰੂ
ਡਾ.ਜਗਸੀਰ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਪਿੰਡ ਨੁੱਕੜ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਘਰਾਂ ’ਚ ਬੈਠੇ ਟਕਸਾਲੀ ਆਪ ਆਗੂਆਂ ਨਾਲ ਰਾਬਤਾ ਵੀ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕੀਤਾ ਨਰਾਜ਼ ਟਕਸਾਲੀ ਆਗੂਆਂ ਦਾ ਪਾਰਟੀ ਹਾਈਕਮਾਨ ਨਾਲ ਕੋਈ ਗਿਲਾ ਨਹੀਂ। ਪਾਰਟੀ ਦੀ ਚੜ੍ਹਦੀ ਕਲਾਂ ਲਈ ਉਨ੍ਹਾਂ ਵੱਲੋਂ ਮੇਰੇ ਨਾਲ ਚੱਲਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਘਰਾਂ ’ਚ ਨਿਰਾਸ਼ ਬੈਠੇ ਟਕਸਾਲੀ ਆਗੂਆਂ ਨੂੰ ਨਾਲ ਤੋਰਿਆ ਜਾਵੇਗਾ। ਜਿਕਰਯੋਗ ਹੈ ਹਲਕਾ ਮਹਿਲ ਕਲਾਂ ਤੋਂ ਆਪ ਦੀ ਟਿਕਟ ਲਈ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੋਂ ਇਲਾਵਾ ਬਲਾਕ ਸੰਮਤੀ ਸੇਰਪੁਰ ਦੇ ਚੇਅਰਮੈਨ ਚਰਨ ਸਿੰਘ ਖੇੜੀ, ਡਾ ਭੀਮ ਰਾਓ ਅੰਬੇਡਕਰ ਫਰੰਟ ਦੇ ਸੂਬਾਈ ਆਗੂ ਰਿੰਕਾ ਬਾਹਮਣੀਆ ਤੋਂ ਬਾਅਦ ਹੁਣ ਡਾ. ਜਗਸੀਰ ਸਿੰਘ ਚੀਮਾ ਨੇ ਖੁੱਲ੍ਹ ਕੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ।