ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ 99.50 ਫੀਸਦੀ ਤੋਂ ਵੱਧ ਮੁਕੰਮਲ ਜ਼ਿਲ੍ਹੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਮੁਕੰਮਲ ਹੋਣ ਨੇੜੇ, 99.50 ਫੀਸਦੀ ਤੋਂ ਵੱਧ ਮੁਕੰਮਲ
Publish Date: Fri, 02 Oct 2026 04:14 PM (IST)
Updated Date: Sat, 03 Oct 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਟੈਂਸਿਵ ਰਵੀਜ਼ਨ) ਦੀ ਪ੍ਰਕਿਰਿਆ 99.50 ਫ਼ੀਸਦੀ ਤੋਂ ਵੱਧ ਮੁਕੰਮਲ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ (ਆਈ.ਏ.ਐਸ.) ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਚੋਣ ਹਲਕਿਆਂ 102-ਭਦੌੜ (ਅ.ਜ.) ਤੇ 104-ਮਹਿਲ ਕਲਾਂ (ਅ.ਜ.) ’ਚ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਪ੍ਰਕਿਰਿਆ 100 ਫੀਸਦੀ ਪੂਰੀ ਹੋ ਚੁੱਕੀ ਹੈ। ਵਿਧਾਨ ਸਭਾ ਹਲਕਾ 103 ਬਰਨਾਲਾ ਦਾ ਕੰਮ 99.50 ਫੀਸਦੀ ਤੋਂ ਵੱਧ ਮੁਕੰਮਲ ਹੋ ਚੁੱਕਿਆ ਹੈ ਤੇ ਜਲਦ ਹੀ 100 ਫੀਸਦੀ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਸਮੁੱਚੀ ਚੋਣ ਮਸ਼ੀਨਰੀ ਦੇ ਸਹਿਯੋਗ ਨਾਲ ਇਹ ਪ੍ਰਕਿਰਿਆ ਸੁਚਾਰੂ, ਪਾਰਦਰਸ਼ੀ ਤੇ ਸਮੇਂ ਸਿਰ ਮੁਕੰਮਲ ਕੀਤੀ ਗਈ ਹੈ। ਇਸ ਸਫ਼ਲਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੇ ਚੋਣ ਅਮਲੇ ਨੂੰ ਵਧਾਈ ਦਿੱਤੀ ਤੇ ਇਲਾਕੇ ਦੇ ਸਮੂਹ ਵੋਟਰਾਂ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਸ਼ਿਕਾਇਤ ਨਿਵਾਰਨ ਲਈ ਜ਼ਿਲ੍ਹਾ ਚੋਣ ਦਫ਼ਤਰ, ਬਰਨਾਲਾ ਵਿਖੇ ਵਿਸ਼ੇਸ਼ ਹੈਲਪ ਡੈਸਕ ਸਥਾਪਿਤ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ 1950 ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਨਿਰੰਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।