- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬਰਜਿੰਦਰਪਾਲ ਸਿੰਘ ਨੈਸ਼ਨਲ ਅਵਾਰਡੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਦਾ ਸੇਵਾ-ਮੁਕਤੀ ਸਨਮਾਨ ਸਮਾਰੋਹ ਕਰਵਾਇਆ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਡਾ. ਬਰਜਿੰਦਰਪਾਲ ਸਿੰਘ, ਨੈਸ਼ਨਲ ਅਵਾਰਡੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ), ਬਰਨਾਲਾ ਦੀ ਸੇਵਾ-ਮੁਕਤੀ ਸਬੰਧੀ ਸਨਮਾਨ ਸਮਾਰੋਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਇੰਦੂ ਸਿਮਕ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ ਗਿੱਲ ਦੀ ਯੋਗ ਰਹਿਨੁਮਾਈ ਹੇਠ ਹੋਇਆ। ਸਟੇਜ ਸਕੱਤਰ ਦੀ ਸੇਵਾ ਮਨਪਾਲ ਸਿੰਘ (ਐੱਲ.ਏ.) ਵੱਲੋਂ ਬਾਖੂਬੀ ਨਿਭਾਈ ਗਈ, ਜਿਨ੍ਹਾਂ ਨੇ ਸ਼ੇਅਰੋ-ਸ਼ਾਇਰੀ ਨਾਲ ਮਨੋਰੰਜਨ ਕਰਦੇ ਹੋਏ ਡਾ. ਸਾਹਿਬ ਦੀ ਜੀਵਨੀ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਪਰਿਵਾਰ ਵਜੋਂ ਉਨ੍ਹਾਂ ਦੇ ਮਾਤਾ ਨਿਰੰਜਨ ਕੌਰ, ਧਰਮ ਪਤਨੀ ਹਰਵਿੰਦਰ ਕੌਰ, ਲੈਕਚਰਾਰ (ਕਾਮਰਸ), ਜੀਜਾ ਪ੍ਰਿਤਪਾਲ ਸਿੰਘ, ਬੇਟਾ ਜੋਬਨਜੀਤ ਸਿੰਘ ਤੇ ਬੇਟੀ ਪ੍ਰਭਜੀਤ ਕੌਰ (ਸਾਫਟਵੇਅਰ ਟੈਕਨੀਸ਼ੀਅਨ, ਕੈਨੇਡਾ) ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਸਮਾਗਮ ’ਚ ਜ਼ਿਲ੍ਹੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਡਾ. ਸਾਹਿਬ ਦੀਆਂ ਸੇਵਾਵਾਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਮੈਡਮ ਇੰਦੂ ਸਿਮਕ ਵੱਲੋਂ ਵਧਾਈ ਦਿੰਦੇ ਹੋਏ ਅਗਲੀ ਜ਼ਿੰਦਗੀ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਸੁਨੀਤਇੰਦਰ ਸਿੰਘ ਗਿੱਲ ਵੱਲੋਂ ਉਨ੍ਹਾਂ ਦੀ ਮਿਹਨਤ ਤੇ ਲਗਨ ਦੀ ਮਿਸਾਲ ਦਿੱਤੀ ਗਈ। ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਡਾ. ਬਰਜਿੰਦਰਪਾਲ ਸਿੰਘ ਦੀ ਜੀਵਨੀ ਉੱਪਰ ਚਾਨਣਾ ਪਾਇਆ ਤੇ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਅਲੱਗ ਹੀ ਸ਼ਬਦਾਂ ’ਚ ਸ਼ਲਾਘਾ ਕੀਤੀ ਗਈ।
ਅਨਿਲ ਮੋਦੀ, ਪ੍ਰਿੰਸੀਪਲ ਸਾਹਿਬ ਵੱਲੋਂ ਵੀ ਆਪਣੇ ਵਿਚਾਰ ਡਾ. ਸਾਹਿਬ ਪ੍ਰਤੀ ਸਾਂਝੇ ਕੀਤੇ ਗਏ। ਕੁਲਦੀਪ ਸਿੰਘ, ਮੁੱਖ ਅਧਿਆਪਕ ਵੱਲੋਂ ਸਨਮਾਨ ਪੱਤਰ ਪੜ੍ਹ ਕੇ ਸੁਣਾਇਆ ਗਿਆ। ਰਵਿੰਦਰ ਸ਼ਰਮਾ, ਸੀਨੀਅਰ ਸਹਾਇਕ ਵੱਲੋਂ ਵੀ ਡਾ. ਸਾਹਿਬ ਦੀਆਂ ਸੇਵਾਵਾਂ ਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਪਰਮਿੰਦਰ ਸਿੰਘ, ਸਕੂਲ ਇੰਚਾਰਜ ਸਹਿਣਾ (ਗਰਲਜ਼) ਵੱਲੋਂ ਵਿਚਾਰ ਸਾਂਝੇ ਕਰਕੇ ਇੱਕ ਗੀਤ ਪੇਸ਼ ਕੀਤਾ ਗਿਆ। ਡਾ. ਸੰਜੇ ਵੱਲੋਂ ਵੀ ਗੀਤ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਾਏ ਗਏ।
ਨਰਿੰਦਰ ਸ਼ਰਮਾ, ਐਚ.ਟੀ. ਦਰਾ ਸਕੂਲ ਵੱਲੋਂ ਨਿਮਰਤਾ, ਸਹਿਜਤਾ ਤੇ ਲਗਾਤਾਰਤਾ ਦੇ ਗੁਣਾਂ ਦੀ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਹਾਜ਼ਰ ਹੋਰ ਸ਼ਖ਼ਸੀਅਤਾਂ ਵੱਲੋਂ ਵੀ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਗਏ। ਇਸ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਵੱਲੋਂ ਡਾ. ਬਰਜਿੰਦਰਪਾਲ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਨੂੰ ਤੋਹਫ਼ੇ ਭੇਟ ਕੀਤੇ ਗਏ। ਡਾ. ਸਾਹਿਬ ਵੱਲੋਂ ਵੀ ਦਫ਼ਤਰ ਸਟਾਫ਼ ਨੂੰ ਤੋਹਫ਼ੇ ਪ੍ਰਦਾਨ ਕੀਤੇ ਗਏ। ਅੰਤ ’ਚ ਡਾ. ਬਰਜਿੰਦਰਪਾਲ ਸਿੰਘ ਨੇ ਸਮੂਹ ਸਟਾਫ਼ ਤੇ ਅਫ਼ਸਰ ਸਾਹਿਬਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਪਿਆਰ ਭਰਿਆ ਪ੍ਰੋਗਰਾਮ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ।