- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਤਕਾਲ ਦਰਜ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ, ਬੀਕੇਯੂ ਕਾਦੀਆਂ ਨੇ ਐਸਡੀਐਮ ਬਰਨਾਲਾ ਨੂੰ ਦਿੱਤਾ ਮੰਗ ਪੱਤਰ

ਨਵਦੀਪ ਸੇਖਾ, ਪੰਜਾਬੀ ਜਾਗਰਣ,
ਬਰਨਾਲਾ : ਸਬ-ਤਹਿਸੀਲ ਧਨੌਲਾ ’ਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਵਿਰਾਸਤੀ ਇੰਤਕਾਲ ਦਰਜ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦਾ ਵਫ਼ਦ ਜ਼ਿਲ੍ਹਾ ਚੇਅਰਮੈਨ ਯਾਦਵਿੰਦਰ ਸਿੰਘ ਰਾਜਗੜ੍ਹ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ ਸਾਹਿਬ ਬਰਨਾਲਾ ਰਾਹੀਂ ਐੱਸਡੀਐੱਮ ਸਾਹਿਬ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਲੋਕਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ। ਸਤਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਸਬ-ਤਹਿਸੀਲ ਧਨੌਲਾ ’ਚ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਖਿਚੋਤਾਣ ਕਾਰਨ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਇੰਤਕਾਲ ਦਰਜ ਨਹੀਂ ਕੀਤੇ ਜਾ ਰਹੇ। ਇਸ ਕਾਰਨ ਕਿਸਾਨਾਂ ਤੇ ਆਮ ਲੋਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਸਬੰਧੀ ਕੰਮ ਕਰਵਾਉਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੰਤਕਾਲਾਂ ਦੀ ਮਨਜ਼ੂਰੀ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।
ਮਨਜਿੰਦਰ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਦੀ ਇਸ ਕਾਰਵਾਈ ਕਾਰਨ ਸਬ-ਤਹਿਸੀਲ ਧਨੌਲਾ ਨਾਲ ਸਬੰਧਤ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਐੱਸ.ਡੀ.ਐੱਮ. ਬਰਨਾਲਾ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਵਿਰਾਸਤੀ ਇੰਤਕਾਲ ਦਰਜ ਕਰਨ ਦੀ ਪ੍ਰਕਿਰਿਆ ਨੂੰ ਤੁਰੰਤ ਸੁਚਾਰੂ ਬਣਾਇਆ ਜਾਵੇ ਤੇ ਲੰਬਿਤ ਇੰਤਕਾਲਾਂ ਦਾ ਜਲਦ ਨਿਪਟਾਰਾ ਕਰਵਾਇਆ ਜਾਵੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਵੱਲੋਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਇਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਿੰਦਾ ਬਿਲਾਸਪੁਰੀਆ, ਅੰਗਰੇਜ਼ ਸਿੰਘ,ਤੇਜਾ ਸਿੰਘ ਸਰਪੰਚ, ਰਘਵੀਰ ਸਿੰਘ ਮਾਨ, ਸਿੰਗਾਰਾ ਸਿੰਘ ਕੁਲਾਰ ਆਦਿ ਹਾਜ਼ਰ ਸਨ।