- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਕੀਟ ਕਮੇਟੀ ਮਹਿਲ ਕਲਾਂ 'ਚ ਚੇਅਰਮੈਨੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਮਾਰਕੀਟ ਕਮੇਟੀ ਮਹਿਲ ਕਲਾਂ ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਦੇ ਅਹੁਦੇ ਨੂੰ ਲੈ ਕੇ ਵਿਵਾਦ ਗੰਭੀਰ ਰੂਪ ਧਾਰਨ ਕਰ ਗਿਆ ਹੈ। ਦਫ਼ਤਰ ਵਿਖੇ ਸੇਵਾ ਨਿਭਾਅ ਰਹੇ ਸੁਖਵਿੰਦਰ ਦਾਸ ਕੁਰੜ ਦੇ ਨਾਮ ਵਾਲੀ ਨੇਮ ਪਲੇਟ ਲਾਹ ਕੇ ਉਸ ਦੀ ਥਾਂ ਚੇਅਰਮੈਨ ਬਰਜਿੰਦਰ ਸਿੰਘ ਪੁਨੀਤ ਮਾਨ ਗਹਿਲ ਦੀ ਨੇਮ ਪਲੇਟ ਲਗਾ ਦਿੱਤੀ । ਘਟਨਾ ਦਾ ਪਤਾ ਲੱਗਦਿਆਂ ਹੀ ਸੁਖਵਿੰਦਰ ਦਾਸ ਕੁਰੜ ਆਪਣੇ ਸਮਰਥਕਾਂ ਸਮੇਤ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਦੇ ਨਾਮ ਦੀ ਥਾਂ ਬਰਜਿੰਦਰਪਾਲ ਸਿੰਘ ਉਰਫ਼ ਪੁਨੀਤ ਮਾਨ ਦੇ ਨਾਂ ਦੀ ਪਲੇਟ ਲੱਗੀ ਹੋਈ ਸੀ। ਆਗੂਆਂ ਨੇ ਮੌਕੇ ’ਤੇ ਉਸ ਪਲੇਟ ਨੂੰ ਹਟਾ ਕੇ ਮੁੜ ਸੁਖਵਿੰਦਰ ਦਾਸ ਕੁਰੜ ਦੇ ਨਾਮ ਵਾਲੀ ਪਲੇਟ ਲਗਾ ਦਿੱਤੀ।
------
ਅਸਤੀਫ਼ੇ ਜਾਂ ਹਟਾਉਣ ਦਾ ਕੋਈ ਲਿਖਤੀ ਹੁਕਮ ਨਹੀਂ : ਸੁਖਵਿੰਦਰ ਦਾਸ ਕੁਰੜ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਦਾਸ ਕੁਰੜ ਨੇ ਦੱਸਿਆ ਕਿ ਉਹ ਸਾਲ 2013 ਤੋਂ ਲਗਾਤਾਰ ਪਾਰਟੀ ਦੀ ਸੇਵਾ ਕਰ ਰਹੇ ਹਨ। ਪਾਰਟੀ ਹਾਈਕਮਾਨ ਨੇ 18 ਮਾਰਚ 2025 ਨੂੰ ਉਨ੍ਹਾਂ ਨੂੰ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਛੁੱਟੀ ਵਾਲੇ ਦਿਨ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਪਲੇਟ ਬਦਲੀ ਗਈ। ਕੁਰੜ ਨੇ ਸਪੱਸ਼ਟ ਕੀਤਾ ਕਿ ਭਾਵੇਂ ਪਾਰਟੀ ਦੀ ਨਵੀਂ ਲਿਸਟ ਅਨੁਸਾਰ ਪੁਨੀਤ ਮਾਨ ਗਹਿਲ ਦਾ ਨਾਮ ਚੇਅਰਮੈਨ ਵਜੋਂ ਦਰਜ ਹੈ । ਪਰ ਅਜੇ ਤੱਕ ਨਾ ਤਾਂ ਪਾਰਟੀ ਹਾਈਕਮਾਨ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਹੈ ਤੇ ਨਾ ਹੀ ਕਮੇਟੀ ਦਫ਼ਤਰ ’ਚ ਕੋਈ ਸਰਕਾਰੀ ਨੋਟੀਫਿਕੇਸ਼ਨ ਪੁੱਜਾ ਹੈ। ਜਦੋਂ ਤੱਕ ਕੋਈ ਲਿਖਤੀ ਹੁਕਮ ਨਹੀਂ ਆਉਂਦਾ ਉਹ ਸੇਵਾ ਕਰਦੇ ਰਹਿਣਗੇ। ਇਸ ਮੌਕੇ ਰਿੰਕਾ ਬਾਹਮਣੀਆਂ, ਗੁਰਦੀਪ ਸਿੰਘ ਸੋਢਾ, ਸਮਨਦੀਪ ਸਿੰਘ, ਹਬੀਬ ਮੁਹੰਮਦ, ਹਰਦੀਪ ਸਿੰਘ ਦੀਪੀ, ਸਰਬਜੀਤ ਸਿੰਘ, ਸੋਨੀ ਜਗਦੇ, ਗੁਰਤੇਜ ਸਰਾਂ, ਸੁੱਖਾ ਨੰਬਰਦਾਰ, ਹਰਪ੍ਰੀਤ ਸਿੰਘ ਟਿੱਬਾ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਤਰਸੇਮ ਸਿੰਘ ਪੰਚ, ਅਨਵਰ ਖਾਨ, ਹਰਮੇਲ ਸਿੰਘ ਖੇੜੀ, ਹੈਪੀ ਔਲਖ, ਸਤਨਾਮ ਸਿੰਘ ਪੰਚ, ਜਗਸੀਰ ਸਿੰਘ ਅਤੇ ਗੋਰਾ ਸਿੰਘ ਸਿੱਧੂ ਦੀਵਾਨਾ ਹਾਜ਼ਰ ਸਨ।
----
ਨਿਯਮਾਂ ਅਨੁਸਾਰ ਜ਼ਿੰਮੇਵਾਰੀ ਨਿਭਾਵਾਂਗਾ: ਪੁਨੀਤ ਮਾਨ ਗਹਿਲ
ਦੂਜੇ ਪਾਸੇ, ਬਰਜਿੰਦਰਪਾਲ ਸਿੰਘ ਉਰਫ਼ ਪੁਨੀਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਦੀ ਅਧਿਕਾਰਤ ਸੂਚੀ ’ਚ ਉਨ੍ਹਾਂ ਦਾ ਨਾਮ ਦਰਜ ਹੈ। ਇਸ ਆਧਾਰ ’ਤੇ ਉਹ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਵਜੋਂ ਸੇਵਾ ਨਿਭਾਉਣ ਦੇ ਪੂਰੇ ਹੱਕਦਾਰ ਹਨ। ਉਨ੍ਹਾਂ ਆਪਣੇ ਨਾਂ ਦੀ ਪਲੇਟ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਲਗਾਈ ਸੀ । ਜਿਸ ਨੂੰ ਲਾਹੇ ਜਾਣ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਉਹ ਨਿਯਮਾਂ ਅਨੁਸਾਰ ਹੀ ਆਪਣੀ ਜ਼ਿੰਮੇਵਾਰੀ ਸੰਭਾਲਣਗੇ।