- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁੱਡੀ ਕਲਾਂ ਦੇ 650 ਏਕੜ ਰਕਬੇ ਨੂੰ ਪੰਜ ਦਹਾਕਿਆਂ ਬਾਅਦ ਸਿੰਜੇਗਾ ਨਹਿਰੀ ਪਾਣੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਹਰ ਖੇਤ ਤਕ ਪੁੱਜਦਾ ਕਰਨ ਲਈ ਕਰੋੜਾਂ ਰੁਪਏ ਦੇ ਨਹਿਰੀ ਪ੍ਰੋਜੈਕਟ ਲਿਆਂਦੇ ਹਨ, ਜਿਨ੍ਹਾਂ ਸਦਕਾ ਦਹਾਕਿਆਂ ਬਾਅਦ ਸਾਡੇ ਖੇਡਾਂ ਨੂੰ ਨਹਿਰੀ ਪਾਣੀ ਨਸੀਬ ਹੋਇਆ ਹੈ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਖੁੱਡੀ ਕਲਾਂ ’ਚ 2.01 ਕਰੋੜ ਰੁਪਏ ਦੀ ਲਾਗਤ ਨਾਲ ਮੋਘੇ ਤੋਂ ਟੇਲ ਫਰੰਟ ਖਾਲੇ ਦੀ ਉਸਾਰੀ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਾਉਂਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 6700 ਮੀਟਰ (6.7 ਕਿਲੋਮੀਟਰ) ਲੰਬਾਈ ਵਾਲਾ ਖਾਲ ਉਸਾਰਿਆ ਜਾਵੇਗਾ। ਜਿਸ ਨਾਲ ਤਕਰੀਬਨ 650 ਏਕੜ ਰਕਬੇ ਨੂੰ 50 ਸਾਲਾਂ ਬਾਅਦ ਪਹਿਲੀ ਵਾਰ ਨਹਿਰੀ ਪਾਣੀ ਨਸੀਬ ਹੋਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ’ਚ ਕਰੋੜਾਂ ਦੇ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ 300 ਕਰੋੜ ਰੁਪਏ ਦੇ ਕੰਮ ਸਿਰਫ ਜਲ ਸਰੋਤ ਵਿਭਾਗ ਦੇ ਕਰਵਾਏ ਗਏ ਹਨ। ਜਿਨ੍ਹਾਂ ’ਚ ਮੋਘੇ, ਖਾਲਾਂ, ਅੰਡਰ ਗਰਾਊਂਡ ਪਾਈਪਲਾਈਨ ਦਾ ਕੰਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰੀਗੜ੍ਹ ਨਹਿਰ ਲੰਘਣ ਦੇ ਬਾਵਜੂਦ ਹਰੀਗੜ੍ਹ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੋ ਰਿਹਾ ਸੀ ਤੇ ਉਨ੍ਹਾਂ ਵਲੋਂ ਹਰੀਗੜ੍ਹ, ਭੂਰੇ, ਬਡਬਰ ਸਣੇ ਵੱਖ ਵੱਖ ਪਿੰਡਾਂ ’ਚ ਮੋਘੇ ਕਢਵਾਏ ਗਏ ਤੇ ਕਈ ਪਿੰਡਾਂ ’ਚ ਦਹਾਕਿਆਂ ਮਗਰੋਂ ਨਹਿਰੀ ਪਾਣੀ ਪਹੁੰਚਿਆ। ਓਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਵਲੋਂ ਨਹਿਰੀ ਕੰਮਾਂ 'ਤੇ ਏਨੇ ਫੰਡ ਨਹੀਂ ਖਰਚੇ ਗਏ ਜਿੰਨੇ ਮਾਨ ਸਰਕਾਰ ਵਲੋਂ ਨਹਿਰੀ ਪ੍ਰੋਜੈਕਟਾਂ ਉੱਤੇ ਇਲਾਕੇ ’ਚ ਖਰਚੇ ਗਏ ਹਨ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਮਿਆਰੀ ਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਐਕਸੀਅਨ ਜਲ ਸਰੋਤ ਵਿਭਾਗ ਹਰਸ਼ਾਂਤ ਵਰਮਾ ਤੇ ਪਿੰਡ ਵਾਸੀ ਹਾਜ਼ਰ ਸਨ।