- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਡੀਐਚ ਤਪਾ ਵਿਖੇ ਵਿਸ਼ਵ ਰੇਬੀਜ਼ (ਹਲਕਾਅ) ਦਿਵਸ ਮੌਕੇ ਜਾਗਰੂਕਤਾ ਪੋਸਟਰ ਜਾਰੀ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਸਿਵਲ ਸਰਜਨ ਡਾ. ਹਰੀਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੇ ਕੁਮਾਰ ਦੀ ਅਗਵਾਈ ਅਧੀਨ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਵਿਸ਼ਵ ਰੇਬੀਜ਼ (ਹਲਕਾਅ) ਦਿਵਸ ਮੌਕੇ ਹਲਕਾਅ ਤੋਂ ਬਚਾਅ ਬਾਰੇ ਜਾਗਰੂਕਤਾ ਪੋਸਟਰ ਜਾਰੀ ਕੀਤੇ ਗਏ। ਇਸ ਮੌਕੇ ਹਲਕਾਅ ਬਾਰੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੈਡੀਕਲ ਅਫਸਰ (ਸਪੈਸ਼ਲਿਸਟ) ਡਾ. ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਜਾਨਵਰ ਖਾਸ ਤੌਰ ‘ਤੇ ਕੁੱਤੇ ਤੇ ਬਿੱਲੀ ਦੇ ਵੱਢੇ ਜਾਂ ਖਰੋਚਾਂ ਨੂੰ ਅਣਦੇਖਿਆ ਨਾ ਕਰੋ ਕਿਉਂਕਿ ਇਨ੍ਹਾਂ ਦੇ ਵੱਢਣ ਨਾਲ ਹਲਕਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕਾਅ ਜਾਨਲੇਵਾ ਸਾਬਤ ਹੋ ਸਕਦਾ ਹੈ ਇਸ ਲਈ ਆਪਣੇ ਪਾਲਤੂ ਕੁੱਤਿਆਂ ਤੇ ਬਿੱਲੀਆਂ ਦਾ ਨਿਯਮਤ ਟੀਕਾਕਰਨ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ‘ਇਸ ਸਾਲ ਦਾ ਥੀਮ’ ਇਕੱਠੇ ਮਿਲ ਕੇ ਵਧੇਰੇ ਮਜ਼ਬੂਤ’ ਹੈ। ਵਿਅਕਤੀਗਤ ਪੱਧਰ ’ਤੇ ਹਰ ਇਨਸਾਨ ਨੂੰ ਆਪਣੇ ਘਰੇਲੂ ਕੁੱਤਿਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤੇ ਰੇਬੀਜ਼ ਦੇ ਲੱਛਣਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਡਾ. ਬਾਂਕੇ ਬਿਹਾਰੀ ਨੇ ਦੱਸਿਆ ਕਿ ਜੇਕਰ ਜਾਨਵਰ ਖਾਸ ਕਰ ਕੁੱਤਾ ਜਾਂ ਬਿੱਲੀ ਵੱਢ ਲਵੇ ਤਾਂ ਜ਼ਖ਼ਮ ਨੂੰ ਸਾਬਣ ਤੇ ਚੱਲਦੇ ਪਾਣੀ ਨਾਲ 15 ਮਿੰਟਾਂ ਤੱਕ ਧੋਵੋ। ਜ਼ਖ਼ਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਾਨਵਰ ਦੇ ਵੱਢੇ ਜਾਣ ’ਤੇ ਇਲਾਜ ਲਈ ਟੀਕੇ ਸਬ ਡਵੀਜਨਲ ਹਸਪਤਾਲ ਤਪਾ ਤੇ ਆਮ ਆਦਮੀ ਕਲੀਨਿਕਾਂ ਵਿਖੇ ਉਪਲੱਬਧ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਆਈ ਰਣਜੀਵ ਕੁਮਾਰ, ਮ.ਪ.ਹ.ਵ ਬੂਟਾ ਸਿੰਘ ਨਵਗਗਨਦੀਪ ਸਿੰਘ, ਸੰਜੇ ਮਲਹੋਤਰਾ ਆਦਿ ਹਾਜ਼ਰ ਸਨ।