- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਜ਼ਿਲ੍ਹੇ ਦੇ ਏਡਿਡ ਸਕੂਲ ਅਧਿਆਪਕਾਂ ਨੂੰ 16 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਏਡਿਡ ਸਕੂਲ ਅਧਿਆਪਕਾਂ ਨੂੰ ਪਿਛਲੇ 16 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਅਧਿਆਪਕ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਕੋਸ ਰਹੇ ਹਨ। ਏਡਿਡ ਸਕੂਲ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੇ ਆਗੂ ਰਾਜਮਹਿੰਦਰ ਤੇ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਏਡਿਡ ਸਕੂਲਾਂ ਨੂੰ 95 ਫ਼ੀਸਦੀ ਗ੍ਰਾਂਟ ਦਿੱਤੀ ਜਾਂਦੀ ਹੈ, ਜਦਕਿ 5 ਫ਼ੀਸਦੀ ਸਕੂਲ ਪ੍ਰਬੰਧਕ ਕਮੇਟੀ ਆਪਣਾ ਹਿੱਸਾ ਪਾਉਂਦੀ ਹੈ। ਬਰਨਾਲਾ ਜ਼ਿਲ੍ਹੇ ’ਚ ਤਿੰਨ ਏਡਿਡ ਸਕੂਲ-ਗਾਂਧੀ ਆਰੀਆ ਹਾਈ ਸਕੂਲ, ਐੱਸਡੀ ਹਾਈ ਸਕੂਲ ਤੇ ਐੱਨ.ਐੱਮ.ਐੱਸ.ਡੀ. ਹਾਈ ਸਕੂਲ ਹਨ। ਇਨ੍ਹਾਂ ਸਕੂਲਾਂ ’ਚ ਸੇਵਾ ਕਰ ਰਹੇ ਏਡਿਡ ਅਧਿਆਪਕ ਬੁਰੀ ਤਰ੍ਹਾਂ ਨਿਰਾਸ਼ ਹਨ ਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਦਿਨ-ਰਾਤ ਕੋਸਦੇ ਰਹਿੰਦੇ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਨੂੰ ਅਪ੍ਰੈਲ 2025 ਤੱਕ ਤਨਖਾਹ ਮਿਲੀ ਹੋਈ ਹੈ। ਸੋਲਾਂ ਮਹੀਨੇ ਤਨਖਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਹੁਣ ਤਾਂ ਦੁਕਾਨਦਾਰ ਵੀ ਉਧਾਰ ਦੇਣ ਤੋਂ ਟਾਲਮਟੋਲ ਕਰਨ ਲੱਗ ਪਏ ਹਨ। ਯੂਨੀਅਨ ਆਗੂ ਮੀਨਾਕਸ਼ੀ ਜੋਸ਼ੀ ਤੇ ਰੀਟਾ ਰਾਣੀ ਨੇ ਕਿਹਾ ਕਿ ਇਹਨਾਂ ਸਕੂਲਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਰਜ ਕਰਨ ਨਾਲ ਹੀ ਮਸਲਾ ਹੱਲ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਗ੍ਰਾਂਟ ਜਾਰੀ ਨਾ ਕੀਤੀ ਤਾਂ ਮਜਬੂਰਨ ਏਡਿਡ ਸਕੂਲ ਅਧਿਆਪਕਾਂ ਨੂੰ ਸੰਘਰਸ਼ ਦਾ ਬਿਗੁਲ ਵਜਾਉਣਾ ਪਵੇਗਾ।