ਰਾਸ਼ਨ ਕਾਰਡ ਵੈਰੀਫਿਕੇਸ਼ਨ ਡਿਊਟੀਆਂ ਦਾ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਰਾਸ਼ਨ ਕਾਰਡ ਵੈਰੀਫਿਕੇਸ਼ਨ ਡਿਊਟੀਆਂ ਦਾ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ
Publish Date: Fri, 18 Sep 2026 06:06 PM (IST)
Updated Date: Sat, 19 Sep 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਹਤ ਤੇ ਸਿੱਖਿਆ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਸੱਤਾ ’ਚ ਆਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਪ੍ਰਤੀ ਅਣਗਹਿਲੀ ਤੇ ਅਧਿਆਪਕਾਂ ਤੋਂ ਲਗਾਤਾਰ ਗੈਰ-ਵਿਦਿਅਕ ਡਿਊਟੀਆਂ ਲਗਵਾਉਣ ਦੇ ਵਿਰੋਧ ’ਚ ਅਧਿਆਪਕ ਜਥੇਬੰਦੀਆਂ ਵੱਲੋਂ ਲਗਾਤਾਰ ਦੂਜੇ ਦਿਨ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਧਿਆਪਕਾਂ ਦੀਆਂ ਰਾਸ਼ਨ ਕਾਰਡ ਵੈਰੀਫਿਕੇਸ਼ਨ ਡਿਊਟੀਆਂ ਤੁਰੰਤ ਕੱਟਣ ਦੀ ਮੰਗ ਕੀਤੀ ਗਈ। ਇਸ ਮੌਕੇ ਅਧਿਆਪਕ ਆਗੂਆਂ ਰਾਜੀਵ ਕੁਮਾਰ, ਪਰਮਿੰਦਰ ਸਿੰਘ, ਜਸਵੀਰ ਸਿੰਘ ਬੀਹਲਾ, ਤੇਜਿੰਦਰ ਸਿੰਘ ਤੇਜੀ, ਸੁਮਿਤ ਕੁਮਾਰ, ਮਲਵਿੰਦਰ ਸਿੰਘ, ਗੁਰਜੀਤ ਸਿੰਘ, ਨਿਰਮਲ ਚੁਹਾਣਕੇ,ਕੇਵਲ ਸਿੰਘ, ਅਮਰੀਕ ਸਿੰਘ, ਸੋਹਣ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਪ੍ਰਭੂ, ਸੁਖਵਿੰਦਰ ਪੂਨਮ, ਕਰਮਜੀਤ ਸਿੰਘ ਭੋਤਨਾ, ਸੰਦੀਪ ਕੁਮਾਰ, ਸੋਨਦੀਪ ਸਿੰਘ ਟੱਲੇਵਾਲ ਤੇ ਜੱਗਾ ਸਿੰਘ ਬੋਹਾ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਸਕੂਲਾਂ ’ਚ ਪੜ੍ਹਾਈ ਦਾ ਸਾਜ਼ਗਾਰ ਮਾਹੌਲ ਬਣਾਉਣ ਲਈ ਅਧਿਆਪਕਾਂ ਦੀ ਕੋਈ ਗੈਰ-ਵਿਦਿਅਕ ਡਿਊਟੀ ਨਹੀਂ ਲਗਾਈ ਜਾਵੇਗੀ। ਪਰ ਇਸ ਦੇ ਉਲਟ ਜ਼ਿਲ੍ਹਾ ਬਰਨਾਲਾ ’ਚ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ਨੂੰ ਲਗਾਤਾਰ ਵੱਖ-ਵੱਖ ਗੈਰ-ਵਿਦਿਅਕ ਕੰਮਾਂ ’ਚ ਲਗਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਟਬਲ ਬਰਨਿੰਗ ਰੋਕਣ, ਬੀ.ਐੱਲ.ਓ. ਡਿਊਟੀਆਂ, ਜਨਗਣਨਾ, ਐੱਸ.ਆਰ.ਆਈ. ਆਦਿ ਤੋਂ ਇਲਾਵਾ ਤੀਰਥ ਯਾਤਰਾ ਦੀਆਂ ਬੱਸਾਂ ਚਲਾਉਣ, ਹੈਲਥ ਕਾਰਡ ਬਣਾਉਣ ਤੇ ਹੁਣ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਵਰਗੇ ਕੰਮਾਂ ’ਚ ਵੀ ਅਧਿਆਪਕਾਂ ਦੀਆਂ ਡਿਊਟੀਆਂ ਵੱਡੇ ਪੱਧਰ ’ਤੇ ਲਗਾਈਆਂ ਜਾ ਰਹੀਆਂ ਹਨ। ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਧਿਆਪਕਾਂ ਦਾ ਮੁੱਖ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਸਮੁੱਚੀਆਂ ਗੈਰ-ਵਿਦਿਅਕ ਡਿਊਟੀਆਂ ਦਾ ਡਟ ਕੇ ਵਿਰੋਧ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਮੇਤ ਗੈਰ-ਵਿੱਦਿਅਕ ਡਿਊਟੀਆਂ ਤੁਰੰਤ ਨਾ ਹਟਾਈਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡੀ.ਸੀ. ਦਫ਼ਤਰ ਬਰਨਾਲਾ ਦਾ ਘਿਰਾਓ ਕੀਤਾ ਜਾਵੇਗਾ। ਇਸ ਦੀ ਸਮੁੱਚੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਧਰਨੇ ’ਚ ਕੁਲਦੀਪ ਕੌਰ, ਪਰਮਿੰਦਰ ਠੀਕਰੀਵਾਲ, ਜਸਵਿੰਦਰ ਸਿੰਘ ਖੁੱਡੀ, ਰਮਨਦੀਪ ਕੌਰ, ਮਨਜੀਤ ਕੌਰ, ਮੈਡਮ ਰੀਤੂ, ਸ਼ਰਨਜੀਤ ਸੈਂਪਲਾ, ਰਮਨਦੀਪ ਸਿੰਗਲਾ, ਬਲਵਿੰਦਰ ਸਿੰਘ ਦਾਨਗੜ੍ਹ, ਏਕਮਜੀਤ ਭੋਤਨਾ , ਜਗਜੀਤ ਸਿੰਘ ਗੁਰਮ, ਮਲਵਿੰਦਰ ਸਿੰਘ, ਅੰਮ੍ਰਿਤਪਾਲ, ਹਰਜਿੰਦਰ ਠੀਕਰੀਵਾਲ, ਬਲਜਿੰਦਰ ਕੌਰ , ਮਨਦੀਪ ਸਿੰਘ, ਰਾਜਨ ਅਰੋੜਾ, ਪਰਾਗ ਜੈਨ ਸੁਰਜੀਤ ਸਿੰਘ, ਰਘੁਵੀਰ ਖੁੱਡੀ, ਚਰਨਜੀਤ ਸਿੰਘ ਉਪਲੀ, ਮਨਜੀਤ ਸਿੰਘ ਠੀਕਰੀਵਾਲ, ਵਲੈਤੀ ਪੁਰੀ ਤੇ ਗੁਰਤੇਜ ਬੀਹਲਾ ਸ਼ਾਮਲ ਹੋਏ।