- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਦੌੜ ਦੇ ਵਿਕਾਸ ਕੰਮਾਂ ’ਚ ਦੇਰੀ ਨੂੰ ਲੈ ਕੇ ਸਾਬਕਾ ਪ੍ਰਧਾਨ ਮਨੀਸ਼ ਗਰਗ ਵਲੋਂ ਡੀਸੀ ਹਰਪ੍ਰੀਤ ਸਿੰਘ ਨਾਲ ਅਹਿਮ ਮੁਲਾਕਾਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹੇ ਦੇ ਕਸਬਾ ਭਦੌੜ ਦੇ ਸਰਬਪੱਖੀ ਵਿਕਾਸ, ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੀ ਉਪਲੱਬਧਤਾ ਤੇ ਲਟਕ ਰਹੇ ਜਨਹਿਤ ਦੇ ਕਾਰਜਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਵਲੋਂ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨਾਲ ਉਚੇਚੇ ਤੌਰ ’ਤੇ ਮੁਲਾਕਾਤ ਕਰਕੇ ਭਦੌੜ ਸ਼ਹਿਰ ’ਚ ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਪ੍ਰਵਾਨਿਤ ਹੋਏ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਅਜੇ ਤੱਕ ਵੀ ਸ਼ੁਰੂ ਨਾ ਹੋਣ ਬਾਰੇ ਇਕ ਮੰਗ ਪੱਤਰ ਸੌਂਪਿਆ ਤੇ ਸਥਿਤੀ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੀ ਨੁਹਾਰ ਬਦਲਣ ਤੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਐਮਐਲਏ ਲਾਭ ਸਿੰਘ ਉੱਗੋਕੇ ਦੇ ਯਤਨਾਂ ਸਦਕਾ ਆਈ 10.50 ਕਰੋੜ ਰੁਪਏ ਦੀ ਗ੍ਰਾਂਟ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਟੈਂਡਰ ਪ੍ਰਕਿਰਿਆ ਪੂਰੀ ਕਰਕੇ ਲਗਾਏ ਗਏ ਸਨ। ਜੋ ਕਿ ਵਿਭਾਗ ਵਲੋਂ ਪਾਸ ਵੀ ਕੀਤੇ ਜਾ ਚੁੱਕੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਇੰਨ੍ਹਾਂ ਟੈਂਡਰਾਂ ’ਚੋਂ 4.5 ਕਰੋੜ ਦੇ ਟੈਂਡਰ ਪਾਸ ਹੋਣ ਤੋਂ ਬਾਵਜੂਦ ਵੀ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਮਨੀਸ਼ ਗਰਗ ਨੇ ਦੱਸਿਆ ਕਿ ਇਨ੍ਹਾਂ ਸਾਢੇ ਚਾਰ ਕਰੋੜ ਦੇ ਪ੍ਰੋਜੈਕਟਾਂ ਅਧੀਨ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਗਲੀਆਂ ’ਚ ਆਧੁਨਿਕ ਸਟ੍ਰੀਟ ਲਾਈਟਾਂ ਲਗਾਉਣ, ਵੱਖ-ਵੱਖ ਵਾਰਡਾਂ ’ਚ ਨਵੀਂ ਇੰਟਰਲਾਕ ਟਾਇਲ ਲਗਾਉਣ ਤੇ ਪੁਰਾਣੀਆਂ ਖਰਾਬ ਗਲੀਆਂ ਦੀ ਰਿਪੇਅਰ ਦਾ ਕੰਮ ਸ਼ਾਮਲ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਪੁਰਾਣੇ ਛੱਪੜਾਂ ਦੇ ਸੁੰਦਰੀਕਰਨ ਤੇ ਨਵੀਨੀਕਰਨ, ਲੰਮੇ ਸਮੇਂ ਤੋਂ ਅਧੂਰੇ ਪਏ ਕਮਿਊਨਿਟੀ ਹਾਲ ਦੀ ਉਸਾਰੀ ਨੂੰ ਮੁਕੰਮਲ ਕਰਨ ਤੇ ਬਰਨਾਲਾ-ਬਾਜਾਖਾਨਾ ਮੁੱਖ ਮਾਰਗ ਉੱਪਰ ਲਗਭਗ 1 ਕਿਲੋਮੀਟਰ ਲੰਮੀ ਨਵੀਂ ਸੜਕ ਦਾ ਨਿਰਮਾਣ ਕਾਰਜ ਵਰਗੇ ਅਹਿਮ ਪ੍ਰੋਜੈਕਟ ਸ਼ਾਮਲ ਸਨ। ਜਿਨ੍ਹਾਂ ਨਾਲ ਪੂਰੇ ਇਲਾਕੇ ਦੀ ਨੁਹਾਰ ਬਦਲਣੀ ਸੀ।
---ਸਾਬਕਾ ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਜਤਾਈ ਚਿੰਤਾ
ਮਨੀਸ਼ ਗਰਗ ਨੇ ਡੀਸੀ ਬਰਨਾਲਾ ਦੇ ਧਿਆਨ ’ਚ ਲਿਆਂਦਾ ਕਿ ਸਰਕਾਰੀ ਨਿਯਮਾਂ ਤੇ ਸ਼ਰਤਾਂ ਅਨੁਸਾਰ ਇਹ ਸਾਰੇ ਵਿਕਾਸ ਕਾਰਜ ਲੰਘ ਚੁੱਕੀ 31 ਮਾਰਚ ਤੱਕ ਮੁਕੰਮਲ ਕੀਤੇ ਜਾਣੇ ਜ਼ਰੂਰੀ ਸਨ। ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਨਿਰਧਾਰਤ ਸਮਾਂ ਸੀਮਾ ਬੀਤ ਜਾਣ ਦੇ ਬਾਵਜੂਦ ਇਨ੍ਹਾਂ ’ਚੋਂ ਬਹੁਤੇ ਮਹੱਤਵਪੂਰਨ ਕੰਮ ਹਾਲੇ ਤਕ ਸ਼ੁਰੂ ਹੀ ਨਹੀਂ ਕੀਤੇ ਗਏ। ਜਿਸ ਕਾਰਨ ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਚੱਲੇ ਆ ਰਹੇ ਹਨ। ਸਾਬਕਾ ਪ੍ਰਧਾਨ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਵਿਕਾਸ ਕਾਰਜ ਸਮੇਂ ਸਿਰ ਸ਼ੁਰੂ ਨਾ ਹੋਣ ਕਾਰਨ ਜਿੱਥੇ ਆਮ ਸ਼ਹਿਰੀਆਂ, ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇਸ ਢਿਲਮੱਠ ਕਾਰਨ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਛਵੀਂ ’ਤੇ ਵੀ ਨਾਂ-ਪੱਖੀ ਪ੍ਰਭਾਵ ਪੈ ਰਿਹਾ ਹੈ। ਲੋਕਾਂ ’ਚ ਇਸ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
---ਡੀਸੀ ਨੇ ਦਿਵਾਇਆ ਭਰੋਸਾ, ਜਲਦ ਮੁਕੰਮਲ ਹੋਣਗੇ ਕੰਮ
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਭਦੌੜ ਦੇ ਸ਼ਹਿਰੀਆਂ ਦੀ ਖੱਜਲ-ਖੁਆਰੀ ਨੂੰ ਮੁੱਖ ਰੱਖਦਿਆਂ ਤੇ ਸ਼ਹਿਰ ਦੀ ਭਲਾਈ ਲਈ ਇਨ੍ਹਾਂ ਸਾਢੇ ਚਾਰ ਕਰੋੜ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਤੁਰੰਤ ਸ਼ੁਰੂ ਕਰਵਾਇਆ ਜਾਵੇ ਤੇ ਸਬੰਧਤ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਕੰਮਾਂ ’ਚ ਤੇਜ਼ੀ ਲਿਆ ਕੇ ਤੈਅ ਸਮੇਂ ’ਚ ਕੰਮ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ। ਡੀਸੀ ਹਰਪ੍ਰੀਤ ਸਿੰਘ ਨੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਇਨ੍ਹਾਂ ਵਿਕਾਸ ਕਾਰਜਾਂ ’ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਗੇ ਤੇ ਅਧੂਰੇ ਪਏ ਕੰਮਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇਗਾ।